ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 1 ਅਕਤੂਬਰ
ਲੁਧਿਆਣਾ ਜ਼ਿਲ੍ਹੇ ਦੇ ਡੇਢ ਦਰਜਨ ਪਿੰਡਾਂ ਦੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਦੀ ਜ਼ਮੀਨ ਬਿਨਾ ਢੁਕਵਾਂ ਮੁਆਵਜ਼ਾ ਦਿੱਤੇ ਐਕੁਆਇਰ ਕਰਨ ਖ਼ਿਲਾਫ਼ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿੱਚ ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ਨੂੰ ਤਿੰਨ ਮਹੀਨੇ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ। ਕਿਸਾਨਾਂ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਲਾਉਣ ਲਈ ਕਮਰ ਕੱਸਣੀ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੇ ਮੋਰਚੇ ਦੇ 98ਵੇਂ ਦਿਨ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ ਅਤੇ ਸੂਬਾ ਅਤੇ ਕੇਂਦਰ ਸਰਕਾਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਡ ਸੰਘਰਸ਼ ਯੂਨੀਅਨ ਦੇ ਸੂਬਾ ਪ੍ਰਧਾਨ ਬਿੱਕਰਜੀਤ ਸਿੰਘ ਕਾਲਖ, ਸਕੱਤਰ ਪਰਮਜੀਤ ਸਿੰਘ ਕੋਟ ਆਗਾ, ਕੁਲਦੀਪ ਸਿੰਘ ਗੁੱਜਰਵਾਲ, ਰਾਜਿੰਦਰ ਸਿੰਘ ਖੱਟੜਾ, ਰਮਾਇਣਜੀਤ ਸਿੰਘ ਬੱਲੋਵਾਲ, ਜਸਦੀਪ ਸਿੰਘ ਜੱਸੋਵਾਲ, ਜਸਵੀਰ ਸਿੰਘ ਖੱਟੜਾ ਅਤੇ ਸੁਦਾਗਰ ਸਿੰਘ ਜੁੜਾਹਾਂ ਨੇ ਐਲਾਨ ਕੀਤਾ ਕਿ 9 ਅਕਤੂਬਰ ਤੋਂ ਜ਼ਮੀਨਾਂ ਦੇ ਯੋਗ ਮੁਆਵਜ਼ੇ ਅਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਭਗਵੰਤ ਮਾਨ ਦੇ ਘਰ ਸਾਹਮਣੇ ਅਣਮਿਥੇ ਸਮੇਂ ਲਈ ਧਰਨੇ ਲਈ ਹੁਣ ਤੋਂ ਹੀ ਕਮਰਕੱਸੇ ਸ਼ੁਰੂ ਕਰ ਦਿੱਤੇ ਹਨ।
ਕਿਸਾਨ ਆਗੂ ਜਸਵੀਰ ਸਿੰਘ ਕੋਟ ਆਗਾ, ਅਜੈਬ ਸਿੰਘ ਖੰਡੂਰ, ਕਰਨੈਲ ਸਿੰਘ ਗੁੱਜਰਵਾਲ, ਗੁਰਿੰਦਰ ਸਿੰਘ ਜੁੜਾਹਾਂ, ਭੁਪਿੰਦਰ ਸਿੰਘ ਕਾਲਖ, ਕਰਮਜੀਤ ਸਿੰਘ ਕੋਟ ਆਗਾ ਅਤੇ ਸੁਰਿੰਦਰ ਕੌਰ ਕਾਲਖ ਨੇ ਸੰਬੋਧਨ ਕੀਤਾ। ਧਰਨੇ ਵਿੱਚ ਲੰਗਰ ਦੀ ਸੇਵਾ ਪਿੰਡ ਭਮਾਂ ਕਲਾਂ ਦੀ ਸੰਗਤ ਵੱਲੋਂ ਕੀਤੀ ਗਈ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ।