ਸੰਤੋਖ ਗਿੱਲ
ਗੁਰੂਸਰ ਸੁਧਾਰ, 31 ਅਕਤੂਬਰ
ਭਾਕਿਯੂ ਏਕਤਾ (ਉਗਰਾਹਾਂ) ਅਤੇ ਰੋਡ ਸੰਘਰਸ਼ ਯੂਨੀਅਨ ਦੀ ਅਗਵਾਈ ਹੇਠ ਜ਼ਿਲ੍ਹਾ ਲੁਧਿਆਣਾ ਦੇ ਕਰੀਬ ਡੇਢ ਦਰਜਨ ਪਿੰਡਾਂ ਦੇ ਸੈਂਕੜੇ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਜ਼ਮੀਨਾਂ ਭਾਰਤ ਮਾਲਾ ਪ੍ਰਾਜੈਕਟ ਤਹਿਤ ਬਿਨਾ ਉੱਚਿਤ ਮੁਆਵਜ਼ਾ ਦਿੱਤੇ ਖੋਹਣ ਵਿਰੁੱਧ ਬਲਾਕ ਪੱਖੋਵਾਲ ਦੇ ਪਿੰਡ ਕੋਟ ਆਗਾ ਵਿਚ ਮੋਰਚਾ ਜਾਰੀ ਹੈ। ਅੱਜ ਕਿਸਾਨ-ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਇਹ ਮੋਰਚਾ ਜਿੱਤ ਤੱਕ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਗੁੱਜਰਵਾਲ, ਸੁਦਾਗਰ ਸਿੰਘ ਜੁੜਾਹਾਂ, ਜਸਵੀਰ ਸਿੰਘ ਕੋਟ ਆਗਾ, ਰਮਾਇਣਜੀਤ ਸਿੰਘ ਬੱਲੋਵਾਲ, ਕਰਮਜੀਤ ਸਿੰਘ ਕੋਟ ਆਗਾ ਅਤੇ ਬਲਦੇਵ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੋਟ ਆਗਾ ਸਣੇ ਪੰਜਾਬ ਭਰ ਵਿੱਚ ਚਾਰ ਥਾਵਾਂ ’ਤੇ ਚੱਲ ਰਹੇ ਮੋਰਚੇ ਜ਼ਮੀਨਾਂ ਦਾ ਸਹੀ ਮੁਆਵਜ਼ਾ ਮਿਲਣ ਤਕ ਜਾਰੀ ਰਹਿਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ਸਾਹਮਣੇ ਸੰਗਰੂਰ ਵਿੱਚ ਮੋਰਚੇ ਦੀ ਸਮਾਪਤੀ ਮੌਕੇ ਸਰਕਾਰ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਹੈ, ਪਰ ਕੋਟ ਆਗਾ ਵਿਚ ਚੱਲ ਰਿਹਾ ਮੋਰਚਾ ਸੰਕੇਤਕ ਰੂਪ ਵਿਚ ਦਿਨ-ਰਾਤ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਹਾਲ ਦੀ ਘੜੀ ਮੋਰਚੇ ਨੂੰ ਸੰਕੇਤਕ ਰੂਪ ਵਿੱਚ ਚਲਾਇਆ ਜਾਵੇਗਾ, ਪਰ ਜੇ ਸਰਕਾਰ ਨੇ ਭਾਕਿਯੂ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਨਾਲ ਬਣੀ ਸਹਿਮਤੀ ਦੀ ਉਲੰਘਣਾ ਕੀਤੀ ਅਤੇ ਜ਼ਮੀਨਾਂ ਜਬਰੀ ਐਕੁਆਇਰ ਕਰਨ ਦਾ ਯਤਨ ਕੀਤਾ ਤਾਂ ਮੋਰਚੇ ਨੂੰ ਮੁੜ ਮਜ਼ਬੂਤ ਕਰ ਕੇ ਸਰਕਾਰ ਧੱਕੇਸ਼ਾਹੀ ਦਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਵਿੱਚ ਡਟੇ ਸਾਰਿਆਂ ਦੇ ਹੌਸਲੇ ਬੁਲੰਦ ਹਨ, ਉਹ ਕਿਸੇ ਲਾਲਚ ਜਾਂ ਡਰ ਦੀ ਥਾਂ ਹੱਕਾਂ ਲਈ ਜੂਝਣ ਨੂੰ ਪਹਿਲ ਦੇਣਗੇ।