ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 19 ਦਸੰਬਰ
ਰੌਸ਼ਨੀਆਂ ਦਾ ਸ਼ਹਿਰ ਜਗਰਾਉਂ ਸੜਕਾਂ ਦੇ ਮਾਮਲੇ ’ਚ ਹਨ੍ਹੇਰੇ ’ਚ ਹੀ ਜਾਪਦਾ ਹੈ। ਸ਼ਹਿਰ ਵਿਚਲੀਆਂ ਬਹੁਤੀਆਂ ਪ੍ਰਮੁੱਖ ਸੜਕਾਂ ਦਾ ਹਾਲ-ਬੇਹਾਲ ਹੈ। ਕਈ ਸੜਕਾਂ ਤਾਂ ਇੰਨੀ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਕਿ ਇਨ੍ਹਾਂ ਤੋਂ ਲੰਘਣਾ ਵੀ ਮੁਸ਼ਕਿਲ ਹੋ ਰਿਹਾ ਹੈ। ਹਾਕਮ ਧਿਰ ਦੇ ਆਗੂ ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿਚਲੀਆਂ ਸੜਕਾਂ ਜਲਦ ਬਣਨੀਆਂ ਸ਼ੁਰੂ ਕਰਨ ਦਾ ਦਾਅਵਾ, ਕਰਦੇ ਆ ਰਹੇ ਹਨ ਪਰ ਅਮਲੀ ਰੂਪ ’ਚ ਹਾਲੇ ਕੁਝ ਵੀ ਨਹੀਂ ਹੋਇਆ। ਲੋਕਾਂ ਨੂੰ ਹੁਣ ਇਹ ਡਰ ਸਤਾ ਰਿਹਾ ਹੈ ਕਿ ਮਹੀਨੇ-ਵੀਹ ਦਿਨ ’ਚ ਜੇਕਰ ਇਹ ਸੜਕਾਂ ਨਾ ਬਣੀਆਂ ਤਾਂ ਚੋਣ ਜ਼ਾਬਤਾ ਲੱਗਣ ਮਗਰੋਂ ਇਨ੍ਹਾਂ ਦਾ ਜਲਦ ਬਣਨਾ ਹੋਰ ਵੀ ਮੁਸ਼ਕਿਲ ਹੋ ਜਾਣਾ ਹੈ। ਵੈਸੇ ਵੀ ਇੰਨੀ ਕੜਾਕੇ ਦੀ ਠੰਢ ’ਚ ਲੁੱਕ ਵਾਲੀ ਸੜਕ ਬਣਾਉਣੀ ਸ਼ਾਇਦ ਸੰਭਵ ਨਾ ਹੋਵੇ।
ਟੁੱਟੀਆਂ ਸੜਕਾਂ ਦੀ ਵੇਰਵੇ ਸਹਿਤ ਜੇਕਰ ਗੱਲ ਕਰਨੀ ਹੋਵੇ ਤਾਂ ਇਹ ਰਾਣੀ ਝਾਂਸੀ ਚੌਕ ਕੋਲੋਂ ਸ਼ੁਰੂ ਕੀਤੀ ਜਾ ਸਕਦੀ ਹੈ। ਜਿਵੇਂ ਹੀ ਬੱਸ ਅੱਡੇ ਵਾਲੇ ਪਾਸਿਓਂ ਤਹਿਸੀਲ ਰੋਡ ਤੋਂ ਹੁੰਦੇ ਹੋਏ ਰੇਲਵੇ ਪੁਲ ਤੋਂ ਹੇਠਾਂ ਆਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਸੜਕ ’ਚ ਪਏ ਵੱਡੇ-ਵੱਡੇ ਖੱਡੇ ‘ਸਵਾਗਤ’ ਕਰਦੇ ਹਨ। ਇਹੋ ਸੜਕ ਅੱਗੇ ਰਾਏਕੋਟ ਨੂੰ ਜਾਂਦੀ ਹੈ ਤੇ ਇਸ ਦਾ ਹਾਲ ਵੀ ਵਧੀਆ ਨਹੀਂ ਕਿਹਾ ਜਾ ਸਕਦਾ। ਕਮਲ ਚੌਕ ਤੋਂ ਡੀਏਵੀ ਕਾਲਜ ਨੂੰ ਜਾਣ ਵਾਲੇ ਲਾਜਪਤ ਰਾਏ ਰੋਡ ਦਾ ਹਾਲ ਵੀ ਤਰਸਯੋਗ ਹੈ। ਗਰੇਵਾਲ ਕਲੋਨੀ ਤੋਂ ਡਿਸਪੋਜ਼ਲ ਰੋਡ ਨੂੰ ਜਾਣ ਵਾਲੀ ਕੁਝ ਸਮਾਂ ਪਹਿਲਾਂ ਬਣੀ ਸੜਕ ਵੀ ਟੁੱਟ ਚੁੱਕੀ ਹੈ।
ਕੀ ਕਹਿੰਦੇ ਨੇ ਲੀਡਰ ਅਤੇ ਅਧਿਕਾਰੀ
ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਸਿਰਫ ਐਲਾਨਾਂ ਤੱਕ ਸੀਮਤ ਹੈ ਅਤੇ ਇਸ ਗੱਲ ਦੀਆਂ ਗਵਾਹ ਜਗਰਾਉਂ ਦੀਆਂ ਟੁੱਟੀਆਂ ਸੜਕਾਂ ਹਨ। ਸਾਬਕਾ ਵਿਧਾਇਕ ਐੱਸਆਰ ਕਲੇਰ ਨੇ ਕਿਹਾ ਕਿ ਟੁੱਟੀਆਂ ਸੜਕਾਂ ਵੱਲ ਦੇਖਦੇ ਲੋਕ ਗੱਠਜੋੜ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ। ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਸ਼ਹਿਰ ਦੀਆਂ ਬਹੁਤੀਆਂ ਸੜਕਾਂ ਬਣਾਉਣ ਦਾ ਮਤਾ ਪਾਸ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਕੋਸ਼ਿਸ ਹੈ ਕਿ ਜਲਦ ਇਹ ਸੜਕਾਂ ਬਣਾ ਦਿੱਤੀਆਂ ਜਾਣ।