ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਪਰੈਲ
ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਲੋਕ ਕਵੀ ਸੰਤ ਰਾਮ ਉਦਾਸੀ ਦੇ 80ਵੇਂ ਜਨਮ ਦਿਵਸ ਮੌਕੇ ਆਨਲਾਈਨ ਸਮਾਗਮ ਕਰਵਾਇਆ ਗਿਆ। ਸੁਆਗਤੀ ਸ਼ਬਦ ਬੋਲਦਿਆਂ ਅਕਾਦਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਕਾਮਿਆਂ ਦਾ ਕਵੀ ਸੀ ਜਿਸ ਨੇ 1939 ਤੋਂ 1986 ਤੀਕ ਦੇ ਸੰਖੇਪ ਜੀਵਨ ਕਾਲ ’ਚ ਅਨੇਕ ਸਿਖ਼ਰਾਂ ਛੋਹੀਆਂ।
ਪ੍ਰਧਾਨਗੀ ਭਾਸ਼ਨ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐਸਪੀ ਸਿੰਘ ਨੇ ਕਿਹਾ ਕਿ ਲੋਕ-ਪੱਖੀ ਕਵਿਤਾ ਦੀ ਆਰੰਭਤਾ ਗੁਰੂ ਨਾਨਕ ਦੇਵ ਨੇ ਚੌਧਵੀਂ ਸਦੀ ’ਚ ਆਰੰਭੀ ਜਿਸ ਨੂੰ ਲੋਕ ਸੰਘਰਸ਼ ਦੇ ਰਾਹ ਗੁਰੂ ਗੋਬਿੰਦ ਸਿੰਘ ਜੀ ਨੇ ਤੋਰਿਆ। ਸੰਤ ਰਾਮ ਉਦਾਸੀ ਕਾਵਿ ਇਸ ਦਾ ਅਹਿਮ ਪੜਾਅ ਹੈ।
ਮੁੱਖ ਭਾਸ਼ਨ ਦਿੰਦਿਆਂ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਦਾ ਜੀਵਨ ਤੇ ਕਲਾਮ ਸੰਘਰਸ਼ ਦੀ ਉਪਜ ਹੈ। ਸੰਤ ਰਾਮ ਉਦਾਸੀ ਕਾਵਿ ਆਲੋਚਨਾ ਦੇ ਸੰਪਾਦਕ ਅਜਮੇਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸਮੇਟਵੀਂ ਚਰਚਾ ਕਰਦਿਆਂ ਕਿਹਾ ਕਿ ਲੋਕ ਸੰਘਰਸ਼ਾਂ ਚ ਅੱਜ ਵੀ ਉਦਾਸੀ ਸਭ ਤੋਂ ਕਾਰਗਰ ਹਥਿਆਰ ਵਾਂਗ ਪੇਸ਼ ਕੀਤਾ ਜਾ ਰਿਹਾ ਹੈ। ਕਵੀ ਦਰਬਾਰ ਵਿੱਚ ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ, ਗੁਰਜੰਟ ਸਿੰਘ ਕਾਲਾ ਪਾਇਲ ਵਾਲਾ, ਤ੍ਰੈਲੋਚਨ ਲੋਚੀ , ਮਨਜਿੰਦਰ ਧਨੋਆ , ਰਵੀਦੀਪ ਰਵੀ , ਡਾ. ਅਸ਼ਵਨੀ ਭੱਲਾ ਤੇ ਗੁਰਭਜਨ ਗਿੱਲ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਪਰਿਵਾਰ ਵਿੱਚੋਂ ਉਸ ਦੇ ਛੋਟੇ ਭਰਾ ਤੇ ਲੋਕ ਗਾਇਕ ਗੁਰਦੇਵ ਸਿੰਘ ਕੋਇਲ ਜਲੰਧਰ ਤੇ ਵੱਡੀ ਧੀ ਇਕਬਾਲ ਕੌਰ ਉਦਾਸੀ ਵੀ ਸ਼ਾਮਿਲ ਹੋਏ। ਇਸ ਵਿੱਚ ਸ਼ਿੰਗਾਰਾ ਸਿੰਘ ਚਾਹਲ, ਵਿਜੈ ਯਮਲਾ ਜੱਟ, ਕਰਮਜੀਤ ਗਰੇਵਾਲ ਲਲਤੋਂ, ਰਾਮ ਸਿੰਘ ਅਲਬੇਲਾ, ਸੰਪੂਰਨ ਸਿੰਘ, ਅਮਨਦੀਪ ਸਿੰਘ ਤੇ ਦਰਸ਼ਨ ਸਿੰਘ ਗੁਰੂ ਦਾ ਟੱਲੇਵਾਲੀਆ ਕਵੀਸ਼ਰੀ ਜਥਾ ਤੇ ਪ੍ਰੋ. ਸ਼ੁਭਾਸ਼ ਦੁੱਗਲ ਨੇ ਵੀ ਵਿਚਾਰ ਰੱਖੇ।