ਨਿੱਜੀ ਪੱਤਰ ਪ੍ਰੇਰਕ
ਖੰਨਾ, 27 ਨਵੰਬਰ
ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ, ਕਿਸੇ ਨਾਲ ਵੀ ਗੱਠਜੋੜ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਵੀ ਕੋਈ ਸਮਝੌਤਾ ਨਹੀਂ ਹੋਵੇਗਾ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਪੰਜਾਬ ਵਿੱਚ ਇਕੱਲੇ ਹੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ, ਪਰ ਹਾਈਕਮਾਨ ਹੀ ਗੱਠਜੋੜ ਸਬੰਧੀ ਆਖ਼ਰੀ ਫ਼ੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਤੋਂ ਦੁੱਖੀ ਹਨ ਤੇ ਭਾਜਪਾ ਤੋਂ ਲੋਕਾਂ ਨੂੰ ਨਵੀਂ ਆਸ ਹੈ ਅਤੇ ਖੇਤੀ ਕਾਨੂੰਨ ਵਾਪਸ ਹੋਣ ਮਗਰੋਂ ਪੰਜਾਬ ਵਿਚ ਉਤਸ਼ਾਹ ਦਾ ਮਾਹੌਲ ਹੈ। ਸ਼ਰਮਾ ਨੇ ਕਿਹਾ ਕਿ ਚੋਣ ਜ਼ਾਬਤੇ ਉਪਰੰਤ ਭਾਜਪਾ ਉਮੀਦਵਾਰਾਂ ਦਾ ਐਲਾਨ ਕਰੇਗੀ ਅਤੇ ਹਰ ਵਿਧਾਨ ਸਭਾ ਸੀਟ ਤੋਂ ਤਿੰਨ ਵਿਅਕਤੀਆਂ ਦਾ ਪੈਨਲ ਜਾਵੇਗਾ। ਉਨ੍ਹਾਂ ਰੇਤ ਅਤੇ ਕੇਬਲ ਸਸਤੀ ਕਰਨ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਵਾਰ ਵੀ ਕਾਂਗਰਸ ਝੂਠੇ ਲਾਰਿਆਂ ਨਾਲ ਸੱਤਾ ਹਾਸਲ ਕਰਨ ਦੀ ਸੋਚ ਰਹੇ ਹਨ। ਇਸ ਮੌਕੇ ਰਜਨੀਸ਼ ਬੇਦੀ, ਚਿਰਾਂਸ਼ੂ ਰਤਨ, ਅਸ਼ੀਸ਼ ਰਾਣਾ, ਰਮਰੀਸ਼ ਵਿਜ, ਰਾਜੇਸ਼ ਡਾਲੀ, ਡਾ.ਸੁਮੇਸ਼ ਬੱਤਾ, ਰਣਜੀਤ ਸਿੰਘ, ਆਤਿਸ਼ ਬਾਂਸਲ ਆਦਿ ਹਾਜ਼ਰ ਸਨ।