ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਕਤੂਬਰ
ਪੋਸਟ ਮੈਟਰਿਕ ਸਕਾਲਰਸ਼ਿਪ ਘੁਟਾਲੇ ਵਿੱਚ ਕਾਂਗਰਸ ਦੇ ਮੰਤਰੀ ਸਾਧੂ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਜਪਾ ਦੇ ਐੱਸਸੀ ਮੋਰਚਾ ਦੇ ਆਗੂਆਂ ਨੇ ਸ਼ਹਿਰ ਦੇ ਸਮਰਾਲਾ ਚੌਕ ਵਿਚ ਚੱਕਾ ਜਾਮ ਕਰ ਦਿੱਤਾ। ਇਸ ਦੌਰਾਨ ਭਾਜਪਾ ਆਗੂੂਆਂ ਨੇ ਕਈ ਘੰਟੇ ਸਮਰਾਲਾ ਚੌਕ ਵਿਚ ਧਰਨਾ ਲਗਾ ਕੇ ਰੱਖਿਆ, ਜਿਸ ਕਾਰਨ ਇੱਥੇ ਟਰੈਫਿਕ ਜਾਮ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਰੀਬ ਦੋ ਘੰਟਿਆਂ ਮਗਰੋਂ ਭਾਜਪਾ ਦੇ ਆਗੂਆਂ ਨੇ ਇਹ ਧਰਨਾ ਖਤਮ ਕੀਤਾ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਭਾਜਪਾ ਦੇ ਐੱਸਸੀ ਮੋਰਚਾ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਦੱਸਿਆ ਕਿ ਉਹ ਮੰਤਰੀ ਸਾਧੂ ਸਿੰਘ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ, ਜਿਸ ਨੇ ਖੁ਼ੁਦ ਦਲਿਤ ਹੋ ਕੇ ਦਲਿਤ ਵਿਦਿਆਰਥੀਆਂ ਲਈ ਆਉਣ ਵਾਲੀ ਵਜ਼ੀਫ਼ੇ ਦੀ ਰਕਮ ਵਿੱਚੋਂ ਕਰੋੜਾਂ ਰੁਪਏ ਦਾ ਘੁਟਾਲਾ ਕਰ ਦਿੱਤਾ ਹੈ। ਅਟਵਾਲ ਮੁਤਾਬਕ ਇਹ ਘੁਟਾਲਾ ਕਿਸੇ ਹੋਰ ਨੇ ਨਹੀਂ ਬਲਕਿ ਉਨ੍ਹਾਂ ਦੇ ਵਿਭਾਗ ਦੇ ਵੱਡੇ ਅਫ਼ਸਰ ਨੇ ਸਾਰਿਆਂ ਸਾਹਮਣੇ ਲਿਆਉਂਦਾ ਹੈ, ਪਰ ਫਿਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਕਲੀਨ ਚਿੱਟ ਦੇ ਦਿੱਤੀ, ਜਿਸ ਅਧਿਕਾਰੀ ਨੇ ਇਹ ਘੁਟਾਲਾ ਸਾਰਿਆਂ ਸਾਹਮਣੇ ਲਿਆਉਂਦਾ ਸੀ, ਉਸ ਦੀ ਬਦਲੀ ਕਰ ਦਿੱਤੀ ਗਈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਮਾਮਲੇ ਵਿਚ ਸਿਰਫ਼ ਮੰਤਰੀ ਸਾਧੂ ਸਿੰਘ ਹੀ ਨਹੀਂ ਬਲਕਿ ਮੁੱਖ ਮੰਤਰੀ ਵੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਅਗਰ ਸਾਧੂ ਸਿੰਘ ਸੱਚ ਵਿਚ ਦਲਿਤ ਆਗੂ ਹੈ ਤਾਂ ਉਸ ਨੂੰ ਖ਼ੁਦ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਮੌਕੇ ’ਤੇ ਮੌਜੂਦ ਭਾਜਪਾ ਦੇ ਸੂਬਾ ਉਪ ਪ੍ਰਧਾਨ ਪ੍ਰਵੀਨ ਬਾਂਸਲ ਨੇ ਕਿਹਾ ਕਿ ਕਾਂਗਰਸ ਪਹਿਲਾਂ ਤੋਂ ਹੀ ਘੁਟਾਲਿਆਂ ਦੀ ਪਾਰਟੀ ਰਹੀ ਹੈ, ਹੁਣ ਤਾਂ ਦਲਿਤ ਵਿਦਿਆਰਥੀ ਦੇ ਵਜ਼ੀਫ਼ੇ ਤੱਕ ਮੰਤਰੀਆਂ ਨੇ ਖਾ ਲਏ ਹਨ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਬਰਖਾਸਤ ਕਰਨਾ ਚਾਹੀਦਾ ਸੀ, ਪਰ ਮੁੱਖ ਮੰਤਰੀ ਉਸ ਦੇ ਕੀਤੇ ਹੋਏ ਕੰਮਾਂ ’ਤੇ ਪਰਦਾ ਪੈ ਰਹੇ ਹਨ।