ਗੁਰਿੰਦਰ ਸਿੰਘ
ਲੁਧਿਆਣ, 6 ਮਾਰਚ
ਭਾਰਤੀ ਜਨਤਾ ਪਾਰਟੀ ਨੇ ਭਗਵੰਤ ਮਾਨ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਸਰਕਾਰ ਨੇ ਸੂਬੇ ਦੀ ਆਰਥਿਕਤਾ ਸਬੰਧੀ ਕੋਈ ਕਦਮ ਨਾ ਚੁੱਕ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਅੱਜ ਜ਼ਿਲ੍ਹਾ ਭਾਜਪਾ ਦਫ਼ਤਰ ਦੁੱਗਰੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਨੂੰ ਦਿਸ਼ਾਹੀਣ ਅਤੇ ਖੋਖਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ‘ਆਪ’ ਸਰਕਾਰ ਦੇ ਬਜਟ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਆਰਥਿਕਤਾ ‘ਵੈਂਟੀਲੇਟਰ’ ’ਤੇ ਹੈ, ਜਦੋਂਕਿ ਸਰਕਾਰ ਨੇ ਸੂਬੇ ਦੀ ਆਰਥਿਕਤਾ ਦੇ ਤੇਜ਼ ਵਿਕਾਸ ਲਈ ਮਾਲੀਏ ਦੇ ਵਸੀਲੇ ਵਧਾਉਣ ਲਈ ਬਜਟ ਵਿੱਚ ਕੋਈ ਵਿਵਸਥਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਤੀਜੀ ਵਾਰ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਬਜਟ ਵਿੱਚ ਨਾ ਰੱਖਣਾ ਔਰਤਾਂ ਨਾਲ ਸਭ ਤੋਂ ਵੱਡੇ ਧੋਖੇ ਵਿੱਚੋਂ ਇੱਕ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਇੱਕ ਵਾਰ ਫਿਰ ਬਜਟ ਵਿੱਚ ਖੇਤੀਬਾੜੀ, ਉਦਯੋਗ, ਔਰਤਾਂ, ਨੌਜਵਾਨਾਂ ਅਤੇ ਰੁਜ਼ਗਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਬਜਟ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਧੋਖਾ ਦੇਣ ਲਈ ਝੂਠ ਦਾ ਪੁਲੰਦਾ ਸਾਬਤ ਹੋਵੇਗਾ। ਇਸ ਮੌਕੇ ਯਸ਼ਪਾਲ ਜਨੋਤਰਾ, ਡਾ. ਨਿਰਮਲ ਨਈਅਰ, ਨਵਲ ਜੈਨ, ਰਵੀ ਬੱਤਰਾ, ਵਿਪਨ ਵਿਨਾਇਕ ਅਤੇ ਨਮਨ ਬਾਂਸਲ ਆਦਿ ਵੀ ਹਾਜ਼ਰ ਸਨ।