ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਫਰਵਰੀ
ਗੁਰੂ ਨਾਨਕ ਦੇਵ ਭਵਨ ਦੇ ਮਿਨੀ ਹਾਲ ’ਚ ਅੱਜ ਜ਼ਿਲ੍ਹਾ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਰਚੁਅਲ ਤਰੀਕੇ ਦੇ ਨਾਲ ਸੁਣਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ, ਜਿਥੇ ਖਾਸ ਗੱਲ ਇਹ ਰਹੀ ਕਿ ਪ੍ਰਧਾਨ ਮੰਤਰੀ ਦੀ ਵਰਚੁਅਲ ਮੀਟਿੰਗ ਲਈ ਵੀ ਭਾਜਪਾ ਆਗੂ ਵਰਕਰਾਂ ਨੂੰ ਇਕੱਠੇ ਨਹੀਂ ਕਰ ਸਕੇ। ਇਸ ਮੌਕੇ ਹਾਲ ਵਿੱਚ ਅੱਧੇ ਨਾਲੋਂ ਜ਼ਿਆਦਾ ਕੁਰਸੀਆਂ ਖਾਲੀ ਰਹੀਆਂ। ਕਰੋਨਾ ਕਾਰਨ ਰੋਡ ਸ਼ੋਅ, ਵੱਡੀਆਂ ਰੈਲੀਆਂ ’ਤੇ ਪਾਬੰਦੀ ਹੈ। ਚੋਣ ਕਮਿਸ਼ਨ ਨੇ ਵਰਚੁਅਲ ਰੈਲੀ ਦੀ ਆਗਿਆ ਦਿੱਤੀ ਹੋਈ ਹੈ। ਭਾਜਪਾ ਸਭ ਤੋਂ ਪਹਿਲਾਂ ਇਹ ਰੈਲੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਰਚੁਅਲ ਰੈਲੀ ਦੇ ਲਈ ਪਾਰਟੀ ਕਈ ਦਿਨਾਂ ਤੋਂ ਤਿਆਰੀਆਂ ਕਰ ਰਹੀ ਸੀ ਤੇ ਲੋਕਾਂ ਨਾਲ ਰਾਬਤਾ ਕਾਇਮ ਵੀ ਕੀਤਾ ਜਾ ਰਿਹਾ ਸੀ। ਭਾਜਪਾ ਦੇ ਵਟਸਐਪ ਗਰੁੱਪਾਂ ਦੀ ਵੀ ਵਰਚੁਅਲ ਸੂਚੀ ਤਿਆਰ ਕੀਤੀ ਸੀ, ਜ਼ਿਲ੍ਹੇ ਵਿੱਚ ਛੇ ਥਾਵਾਂ ’ਤੇ ਇਹ ਵਰਚੁਅਲ ਮੀਟਿੰਗਾਂ ਰੱਖੀਆਂ ਗਈਆਂ ਸਨ। ਜ਼ਿਲ੍ਹਾ ਪੱਧਰੀ ਮੀਟਿੰਗ ਗੁਰੂ ਨਾਨਕ ਭਵਨ ਦੇ ਮਿਨੀ ਹਾਲ ਵਿੱਚ ਸੀ, ਜਿੱਥੇ ਕਾਫ਼ੀ ਗਿਣਤੀ ਵਿੱਚ ਕੁਰਸੀਆਂ ਖਾਲੀ ਸੀ। ਹਾਲਾਂਕਿ ਇਸ ’ਤੇ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਇਸ ਮੀਟਿੰਗ ਵਿੱਚ ਸਿਰਫ਼ ਜ਼ਿਲ੍ਹਾ ਪੱਧਰੀ ਮੈਂਬਰ ਹੀ ਸੱਦੇ ਗਏ ਸਨ। ਇਸ ਮੌਕੇ ਸੀਨੀਅਰ ਆਗੂ ਰਾਜਿੰਦਰ ਭੰਡਾਰੀ, ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਸਣੇ ਭਾਜਪਾ ਦੇ ਵਰਕਰ ਮੌਜੂਦ ਸਨ।