ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 25 ਜਨਵਰੀ
ਪੰਜਾਬ ’ਚ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਬੀਤੇ ਦਿਨੀਂ ਗੱਠਜੋੜ ਕਰ ਲਿਆ ਹੈ। ਦੋਹਾਂ ਪਾਰਟੀਆਂ ’ਚ ਸੀਟਾਂ ਦਾ ਬਟਵਾਰਾ ਵੀ ਹੋ ਗਿਆ ਹੈ ਤੇ ਇਹ ਵੀ ਤੈਅ ਹੋ ਗਿਆ ਹੈ ਕਿ ਪੰਜਾਬ ਲੋਕ ਕਾਂਗਰਸ ਦੇ, ਜੋ ਸ਼ਹਿਰੀ ਇਲਾਕਿਆਂ ’ਚ ਉਮੀਦਵਾਰ ਖੜ੍ਹੇ ਹਨ, ਉਹ ਭਾਜਪਾ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ ਤਾਂ ਕਿ ਭਾਜਪਾ ਕਾਰਡ ਦੀ ਵੋਟ ਲੈ ਸਕਣ। ਭਾਜਪਾ ਦੇ ਸੀਨੀਅਰ ਆਗੂਆਂ ਨੇ ਗੱਠਜੋੜ ਦੇ ਤਹਿਤ ਸ਼ਹਿਰ ਦੇ, ਜੋ ਹਲਕੇ ਪੀਐੱਲਸੀ ਨੂੰ ਦਿੱਤੇ ਹਨ, ਉਨ੍ਹਾਂ ’ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਆਗੂਆਂ ਨੇ ਭਾਜਪਾ ਵੱਲੋਂ ਟਿਕਟ ਦਾ ਦਾਅਵਾ ਪੇਸ਼ ਕੀਤਾ ਸੀ, ਉਨ੍ਹਾਂ ਦੀ ਨਾਰਾਜ਼ਗੀ ਹੁਣ ਕੈਪਟਨ ਦੇ ਖ਼ਿਡਾਰੀਆਂ ’ਤੇ ਭਾਰੀ ਪੈ ਸਕਦੀ ਹੈ। ਜੇਕਰ ਭਾਜਪਾ ਆਗੂ ਇਸੇ ਤਰ੍ਹਾਂ ਵਿਰੋਧ ਕਰਦੇ ਰਹੇ ਤਾਂ ਪੀਐੱਲਸੀ ਦਾ ਸਿਆਸੀ ਗਣਿਤ ਵਿਗੜ ਸਕਦਾ ਹੈ। ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੀਆਂ 6 ਵਿਧਾਨ ਸਭਾ ਸੀਟਾਂ ’ਚੋਂ ਤਿੰਨ ਭਾਜਪਾ ਅਤੇ ਤਿੰਨ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਚੋਣ ਲੜਨਗੇ। ਭਾਜਪਾ ਨੇ ਆਪਣੇ ਉਮੀਦਵਾਰ ਤਾਂ ਉਤਾਰ ਦਿੱਤੇ, ਨਾਲ ਹੀ ਪੀਐੱਲਸੀ ਵੱਲੋਂ ਪੂਰਬੀ ਤੋਂ ਜਗਮੋਹਨ ਸ਼ਰਮਾ, ਦੱਖਣੀ ਤੋਂ ਸਤਿੰਦਰਪਾਲ ਸਿੰਘ ਤਾਜਪੁਰੀ ਅਤੇ ਆਤਮ ਨਗਰ ਤੋਂ ਪ੍ਰੇਮ ਮਿੱਤਲ ਨੂੰ ਟਿਕਟ ਦਿੱਤੀ ਹੈ। ਪੂਰਬੀ ’ਚ ਭਾਜਪਾ ਦੇ 9 ਉਮੀਦਵਾਰਾਂ ਨੇ ਦਾਅਵਾ ਠੋਕਿਆ ਸੀ।
ਪ੍ਰਚਾਰ ਤੋਂ ਪਹਿਲਾਂ ਰੁੱਸਿਆਂ ਨੂੰ ਮਨਾਉਣ ਨਿਕਲੇ ਪੀਐੱਲਸੀ ਆਗੂ
ਵਿਧਾਨ ਸਭਾ ਦੀ ਟਿਕਟ ਮਿਲਣ ਤੋਂ ਬਾਅਦ ਜਗਮੋਹਨ ਸ਼ਰਮਾ ਨੇ 2 ਦਿਨ ਲੰਘਣ ਦੇ ਬਾਵਜੂਦ ਪ੍ਰਚਾਰ ਸ਼ੁਰੂ ਨਹੀਂ ਕੀਤਾ। ਉਹ ਪਹਿਲਾਂ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ ਸੰਪਰਕ ਕਰਦੇ ਰਹੇ ਅਤੇ ਜੋ ਰੁੱਸੇ ਆਗੂ, ਉਨ੍ਹਾਂ ਨਾਲ ਸੰਪਰਕ ਕਰਦੇ ਰਹੇ। ਉਹ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਮਿੱਤਲ ਦੇ ਘਰ ਜਾਣ ਦੇ ਨਾਲ ਨਾਲ ਸਾਰੇ ਮੰਡਲ ਪ੍ਰਧਾਨਾਂ ਅਤੇ ਆਰ.ਐੱਸ.ਐੱਸ ਆਗੂਆਂ ਨਾਲ ਮੁਲਾਕਾਤ ਕਰਕੇ, ਨਾਲ ਚੱਲਣ ਦੀ ਅਪੀਲ ਕਰ ਰਹੇ ਹਨ।
ਕੌਂਸਲਰ ਸੋਨੀਆ ਸ਼ਰਮਾ ਦੇ ਸਹੁਰੇ ਵੱਲੋਂ ਆਜ਼ਾਦ ਚੋਣ ਲੜਨ ਦਾ ਐਲਾਨ
ਸਨਅਤੀ ਸ਼ਹਿਰ ’ਚ ਵਾਰਡ ਨੰਬਰ-31 ਤੋਂ ਭਾਜਪਾ ਕੌਂਸਲਰ ਸੋਨੀਆ ਸ਼ਰਮਾ ਦੇ ਸਹੁਰੇ ਸੁਰਿੰਦਰ ਸ਼ਰਮਾ ਦੱਖਣੀ ਹਲਕੇ ’ਚ ਭਾਜਪਾ ਦੇ ਵੱਡੇ ਆਗੂ ਹਨ। ਅਕਾਲੀ ਦਲ ਦੇ ਨਾਲ ਗਠਜੋੜ ਟੁੱਟਣ ਤੋਂ ਬਾਅਦ ਦੱਖਣੀ ਹਲਕੇ ਤੋਂ ਉਹ ਚੋਣ ਦੀ ਤਿਆਰੀ ’ਚ ਲੱਗ ਗਏ ਸਨ। ਉਨ੍ਹਾਂ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਗੱਠਜੋੋੜ ਦੇ ਤਹਿਤ ਇਹ ਹਲਕਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਕੋਲ ਚਲਾ ਗਿਆ, ਜਿਸ ਤੋਂ ਬਾਅਦ ਸੁਰਿੰਦਰ ਸ਼ਰਮਾ ਨੇ ਵਿਰੋਧੀ ਸੁਰ ਅਪਣਾਉਂਦੇ ਹੋਏ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ।