ਪੱਤਰ ਪ੍ਰੇਰਕ
ਸਮਰਾਲਾ, 29 ਮਈ
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਪੈਂਦੇ ਇਲਾਕੇ ’ਚ ਇਥੇ ਭਾਜਪਾ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਵਿਧਾਨ ਸਭਾ ਹਲਕਾ ਸਮਰਾਲਾ ਦੇ ਇੰਚਾਰਜ ਰਣਜੀਤ ਸਿੰਘ ਗਹਿਲੇਵਾਲ, ਅਸ਼ੋਕ ਕੁਮਾਰ ਬੁੱਧੀਜੀਵੀ ਸੈੱਲ ਭਾਜਪਾ ਕੋਰ ਕਮੇਟੀ ਪੰਜਾਬ ਦੇ ਕਾਰਜਕਾਰੀ ਮੈਂਬਰ, ਜ਼ਿਲ੍ਹਾ ਵਾਈਸ ਪ੍ਰਧਾਨ ਖੰਨਾ ਅਜੀਤ ਗੁਪਤਾ ਦੀ ਅਗਵਾਈ ਹੇਠ ਗੁਜਰਾਤ ਦੇ ਸਾਬਕਾ ਮੰਤਰੀ ਨਰੇਸ਼ ਭਾਈ ਪਟੇਲ ਨੂੰ ਨਾਲ ਲੈ ਕੇ ਵਿਧਾਨ ਸਭਾ ਹਲਕਾ ਦੇ ਚਾਰੇ ਮੰਡਲਾਂ ਦੇ ਪ੍ਰਧਾਨਾਂ, ਵੱਖ ਵੱਖ ਅਹੁਦੇਦਾਰਾਂ ਅਤੇ ਵਰਕਰਾਂ ਨੇ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚੋਂ ਭਰਵਾਂ ਹੁੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਗੇਜਾ ਰਾਮ ਵਾਲਮੀਕਿ ਇਹ ਸੀਟ ਜ਼ਰੂਰ ਜਿੱਤਣਗੇ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਵਿੱਚ ਬਣਨ ਜਾ ਰਹੀ ਭਾਜਪਾ ਸਰਕਾਰ ’ਚ ਕੋਈ ਅਹੁਦਾ ਜ਼ਰੂਰ ਪ੍ਰਾਪਤ ਕਰਨਗੇ ਅਤੇ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿਕਾਸ ਕੰਮਾਂ ਨੂੰ ਹੁਲਾਰਾ ਦੇਣਗੇ ਤੇ ਨਵੇਂ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਅਜੀਤ ਗੁਪਤਾ ਨੇ ਕਿਹਾ ਕਿ ਇਸ ਵਾਰੀ ਭਾਜਪਾ ਪੰਜਾਬ ’ਚੋਂ ਵੱਡੀ ਗਿਣਤੀ ਵਿੱਚ ਸੀਟਾਂ ਪ੍ਰਾਪਤ ਕਰੇਗੀ। ਇਸ ਲਈ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੇ ਹੱਥ ਮਜ਼ਬੂਤ ਕਰਨ ਤੇ ਗੇਜਾ ਰਾਮ ਨੂੰ ਜਿਤਾ ਕੇ ਸੰਸਦ ਵਿੱਚ ਭੇਜਣ।