ਪੱਤਰ ਪ੍ਰੇਰਕ
ਪਾਇਲ, 6 ਜੂਨ
ਇੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਸਾਰ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤੇ ਕਿਸਾਨ ਦਿੱਲੀ ਵੱਲ ਨੂੰ ਵਧਣਗੇ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ’ਤੇ ਐੱਮ.ਐੱਸ.ਪੀ. ਸਮੇਤ ਕਿਸਾਨਾਂ ਦੀਆਂ 10 ਮੰਗਾਂ ਮੰਨਵਾਉਣ ਲਈ ਦਬਾਅ ਪਾਇਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਤੇ ਸੀਨੀਅਰ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਜ਼ਿਲ੍ਹਾ ਸਹਾਇਕ ਖਜ਼ਾਨਚੀ ਹਾਕਮ ਸਿੰਘ ਬਿੰਜਲ ਅਤੇ ਜਗਤਾਰ ਸਿੰਘ ਤਾਰੀ ਆਦਿ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਅੰਦੋਲਨ ਸਮੇਂ ਬਾਰਡਰਾਂ ’ਤੇ ਹੋਈਆਂ ਸ਼ਹੀਦੀਆਂ ਕਾਰਨ ਕਿਸਾਨਾਂ ਵਿੱਚ ਭਾਜਪਾ ਪ੍ਰਤੀ ਗੁੱਸਾ ਸੀ। ਆਗੂਆਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਕਾਰਨ ਹੀ ਭਾਜਪਾ ਜਿੱਥੇ ਪੰਜਾਬ ’ਚ ਸਿਫ਼ਰ ’ਤੇ ਸਿਮਟ ਗਈ ਹੈ, ਉੱਥੇ ਹੀ ਵੱਖ-ਵੱਖ ਸਬਿਆਂ ’ਚ ਵੀ ਹਾਰ ਦਾ ਮੂੰਹ ਵੇਖਣਾ ਪਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰੰਨੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।