ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਅਗਸਤ
ਇਥੇ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਵੱਲੋਂ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਸਬੰਧ ਵਿੱਚ ਤਿਰੰਗਾ ਯਾਤਰਾ ਕੱਢੀ ਗਈ, ਜੋ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਚੌਕ ਡਿਵੀਜ਼ਨ ਨੰਬਰ ਤਿੰਨ ਵਿੱਚ ਸਮਾਪਤ ਹੋਈ। ਜ਼ਿਲ੍ਹਾ ਮਹਿਲਾ ਪ੍ਰਧਾਨ ਕਿਰਨ ਸ਼ਰਮਾ ਦੀ ਅਗਵਾਈ ਹੇਠ ਕੱਢੀ ਯਾਤਰਾ ਦੌਰਾਨ ਭਾਜਪਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਘਲ ਅਤੇ ਜਨਰਲ ਸਕੱਤਰ ਰਾਮ ਗੁਪਤਾ ਵੀ ਸ਼ਾਮਲ ਹੋਏ। ਇਹ ਯਾਤਰਾ ਘੰਟਾ ਘਰ ਚੌਕ ਸਥਿਤ ਭਾਜਪਾ ਦਫ਼ਤਰ ਤੋਂ ਸ਼ੁਰੂ ਹੋ ਕੇ ਚੌੜਾ ਬਾਜ਼ਾਰ, ਗਿਰਜਾ ਘਰ ਚੌਕ, ਘਾਹ ਮੰਡੀ ਤੋਂ ਹੁੰਦੀ ਹੋਈ ਚੌਕ ਡਿਵੀਜ਼ਨ ਨੰਬਰ ਤਿੰਨ ਵਿੱਚ ਸਮਾਪਤ ਹੋਈ। ਇਸ ਮੌਕੇ ਕਿਰਨ ਸ਼ਰਮਾ ਨੇ ਕਿਹਾ ਕਿ ਤਿਰੰਗਾ ਯਾਤਰਾ ਪ੍ਰਤੀ ਦੇਸ਼ ਦੀ ਜਨਤਾ ਵਿੱਚ ਭਾਰੀ ਉਤਸ਼ਾਹ ਹੈ ਅਤੇ ਹਰ ਭਾਰਤਵਾਸੀ ਇਸ ਵਿੱਚ ਸ਼ਾਮਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 13 ਤੋਂ 15 ਅਗਸਤ ਤੱਕ ਲੁਧਿਆਣਾ ਸ਼ਹਿਰ ਵਿੱਚ ਹਰ ਘਰ ਉੱਪਰ ਤਿਰੰਗਾ ਲਹਿਰਾਇਆ ਜਾਵੇਗਾ। ਇਸ ਮੌਕੇ ਪੁਸ਼ਪਿੰਦਰ ਸਿੰਘਲ ਅਤੇ ਰਾਮ ਗੁਪਤਾ ਨੇ ਵੀ ਲੋਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਇਸ ਮੌਕੇ ਮਹੇਸ਼ ਸ਼ਰਮਾ, ਡਾ ਸਤੀਸ਼ ਕੁਮਾਰ, ਸੋਨੀਆ ਸ਼ਰਮਾ, ਅਰੁਣ, ਸੀਮਾ ਸ਼ਰਮਾ, ਸਿੰਮੀ ਧੀਰ, ਡਿੰਪਲ ਰਾਣੀ, ਮਨਮਿੰਦਰ ਕੌਰ ਅਤੇ ਅਮਾਨਤ ਗਿੱਲ ਵੀ ਹਾਜ਼ਰ ਸਨ।