ਗਗਨਦੀਪ ਅਰੋੜਾ
ਲੁਧਿਆਣਾ, 28 ਅਗਸਤ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਲਗਾਤਾਰ ਲੁਧਿਆਣਾ ਦੇ ਗੇੜੇ ਲਗਾਏ ਜਾ ਰਹੇ ਹਨ, ਜਿਸ ਕਾਰਨ ਲੁਧਿਆਣਾ ਪੁਲੀਸ ਦੀ ਸਿਰਦਰਦੀ ਵਧ ਗਈ ਹੈ। ਭਾਜਪਾ ਦੇ ਆਗੂਆਂ ਵੱਲੋਂ ਜਦੋਂ ਵੀ ਲੁਧਿਆਣਾ ਵਿੱਚ ਕੋਈ ਮੀਟਿੰਗ ਕੀਤੀ ਜਾਂਦੀ ਹੈ ਜਾਂ ਫਿਰ ਲੁਧਿਆਣਾ ਦੌਰਾ ਕੀਤਾ ਜਾਂਦਾ ਹੈ ਤਾਂ ਕਿਸਾਨਾਂ ਵੱਲੋਂ ਹਮੇਸ਼ਾ ਹੀ ਤਿੱਖਾ ਵਿਰੋਧ ਕੀਤਾ ਗਿਆ ਹੈ। ਪੁਲੀਸ ਨੂੰ ਭਾਜਪਾ ਦੀ ਮੀਟਿੰਗ ਦੇ ਪਤਾ ਲੱਗਦੇ ਹੀ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਸਨਅਤੀ ਸ਼ਹਿਰ ਵਿੱਚ ਪਹਿਲਾਂ ਹੀ ਪੁਲੀਸ ਦੀ ਨਫਰੀ ਦੀ ਕਮੀ ਹੈ, ਉਤੋਂ ਜਿਸ ਥਾਂ ’ਤੇ ਭਾਜਪਾ ਆਗੂਆਂ ਦੀ ਮੀਟਿੰਗ ਹੁੰਦੀ ਹੈ, ਉਥੇ ਪੁਲੀਸ ਨੂੰ ਸਵੇਰ ਤੋਂ ਸ਼ਾਮ ਤੱਕ ਵੱਡੀ ਗਿਣਤੀ ਵਿੱਚ ਮੁਲਾਜ਼ਮ ਤੈਨਾਤ ਕਰਨੇ ਪੈਂਦੇ ਹਨ। ਲੁਧਿਆਣਾ ਵਿੱਚ ਪਿਛਲੇ 15 ਦਿਨਾਂ ਦੌਰਾਨ ਹੁਣ ਤੱਕ ਤਿੰਨ ਵਾਰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ ਹੋ ਚੁੱਕਿਆ ਹੈ।
ਲੁਧਿਆਣਾ ਵਿੱਚ 15 ਦਿਨ ਪਹਿਲਾਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਔਰਤਾਂ ਦੀ ਮੀਟਿੰਗ ਕਰਨ ਆਏ ਸਨ, ਜਿੱਥੇ ਕਿਸਾਨ ਤੇ ਭਾਜਪਾ ਆਗੂ ਆਹਮੋ ਸਾਹਮਣੇ ਹੋ ਗਏ ਸਨ, ਇੱਥੇ ਪੁਲੀਸ ਨੂੰ ਮਾਹੌਲ ਸ਼ਾਂਤ ਕਰਵਾਉਣ ਦੇ ਲਈ ਤਿੰਨ ਚਾਰ ਘੰਟੇ ਲੱਗ ਗਏ ਸਨ। ਪੁਲੀਸ ਨੇ ਬਹੁਤ ਮੁਸ਼ਕਲ ਦੇ ਨਾਲ ਸੁਰੱਖਿਆ ਘੇਰਾ ਬਣਾ ਕੇ ਸੂਬਾ ਪ੍ਰਧਾਨ ਨੂੰ ਕਾਰ ਤੱਕ ਪਹੁੰਚਾਇਆ ਸੀ। ਉਸ ਤੋਂ ਬਾਅਦ ਵੀਰਵਾਰ ਨੂੰ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਲੁਧਿਆਣਾ ਦੇ ਸਰਕਟ ਹਾਊਸ ’ਚ ਮੀਟਿੰਗ ਕਰਨ ਲਈ ਆਏ ਸਨ, ਉਸ ਸਮੇਂ ਵੀ ਕਿਸਾਨ ਵਿਰੋਧ ਕਰਨ ਪੁੱਜ ਗਏ ਸਨ। ਕਿਸਾਨ ਫਿਰੋਜ਼ਪੁਰ ਰੋਡ ਤੋਂ ਹੀ ਵਿਰੋਧ ਕਰਨ ਲਈ ਪੁੱਜ ਗਏ ਸਨ, ਪਤਾ ਲਗਦੇ ਹੀ ਪੁਲੀਸ ਵੇਰਕਾ ਮਿਲਕ ਪਲਾਂਟ ਕੋਲ ਪੁੱਜੀ ਤੇ ਉਥੇ ਬੈਰੀਕੇਟਿੰਗ ਕੀਤੀ। ਇੱਥੇ ਵੀ ਵੀਰਵਾਰ ਨੂੰ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੂੰ ਕਈ ਘੰਟੇ ਮਿਹਨਤ ਕਰਨੀ ਪਈ ਸੀ ਪਰ ਫਿਰ ਵੀ ਪੁਲੀਸ ਨੂੰ ਚਕੌਣੀ ਦੇ ਕਿਸਾਨ ਸਰਕਟ ਹਾਊਸ ਨੇੜੇ ਪੁੱਜ ਗਏ, ਕਿਸਾਨ ਰਾਤ ਤੱਕ ਸਰਕਟ ਹਾਊਸ ਦੇ ਬਾਹਰ ਬੈਠੇ ਰਹੇ ਤੇ ਪੁਲੀਸ ਉਦੋਂ ਤੱਕ ਵੱਡੀ ਗਿਣਤੀ ਵਿੱਚ ਉਥੇ ਤੈਨਾਤ ਰਹੀ।
ਅਜਿਹਾ ਹੀ ਹਾਲ ਅੱਜ ਵੀ ਵੇਖਣ ਨੂੰ ਮਿਲਿਆ, ਭਾਜਪਾ ਦੇ ਆਗੂਆਂ ਨਾਲ ਪਹਿਲਾਂ ਹੀ ਪੁਲੀਸ ਪਾਰਟੀ ਨੇ ਸੁਰੱਖਿਆ ਲਈ ਹੋਟਲ ਦੇ ਆਲੇ ਦੁਆਲੇ ਬੈਰੀਕੇਟਿੰਗ ਕਰ ਦਿੱਤੀ ਸੀ, ਸੀਆਈਡੀ ਸਣੇ ਹੋਰ ਏਜੰਸੀਆਂ ਦੇ ਮੁਲਾਜ਼ਮ ਇਸੇ ਗੱਲ ਲਈ ਫੋਨ ਕਰ ਰਹੇ ਸਨ ਕਿ ਕਿਸਾਨ ਆ ਤਾਂ ਨਹੀਂ ਰਹੇ ਪਰ ਜਿਵੇਂ ਹੀ ਸੂਬਾ ਪ੍ਰਧਾਨ ਹੋਟਲ ਵਿੱਚ ਮੀਟਿੰਗ ਕਰਨ ਲਈ ਪੁੱਜੇ ਤਾਂ ਕਿਸਾਨ ਇੱਕ ਇੱਕ ਕਰਕੇ ਹੋਟਲ ਦੇ ਬਾਹਰ ਪੁੱਜ ਗਏ ਤੇ ਉਨ੍ਹਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਭਾਜਪਾ ਦੀ ਸ਼ਾਮ ਤੱਕ ਚੱਲੀ ਮੀਟਿੰਗ ਦੌਰਾਨ ਕਿਸਾਨ ਵੀ ਹੋਟਲ ਦੇ ਬਾਹਰ ਖੜ੍ਹੇ ਰਹੇ ਤੇ ਪੁਲੀਸ ਬਾਹਰ ਸੁਰੱਖਿਆ ਲਈ ਤੈਨਾਤ ਰਹੀ। ਸੁਰੱਖਿਆ ਘੇਰੇ ਵਿੱਚ ਸੂਬਾ ਪ੍ਰਧਾਨ ਨੂੰ ਕਾਰ ਵਿੱਚ ਬਿਠਾਉਣ ਤੋਂ ਬਾਅਦ ਪੁਲੀਸ ਨੇ ਸੁੱਖ ਦਾ ਸਾਹ ਲਿਆ। ਦੱਸ ਦਈਏ ਕਿ ਜਦੋਂ ਵੀ ਭਾਜਪਾ ਦੀ ਮੀਟਿੰਗ ਹੁੰਦੀ ਹੈ ਤਾਂ ਪੁਲੀਸ ਨੇ ਏਡੀਸੀਪੀ ਪੱਧਰ ਦੇ ਅਧਿਕਾਰੀ ਸਣੇ 80 ਤੋਂ 100 ਮੁਲਾਜ਼ਮ ਡਿਊਟੀ ’ਤੇ ਤੈਨਾਤ ਰਹਿੰਦੇ ਹਨ।