ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਦੇ ਵਿਰੋਧ ’ਚ ਰਾਣੀ ਝਾਂਸੀ ਚੌਕ ਵਿੱਚ ਸ਼ਾਮ ਸਮੇਂ ਆਮ ਆਦਮੀ ਪਾਰਟੀ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਉਪ ਨੇਤਾ ਅਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ’ਚ ਕੀਤੇ ਗਏ ਰੋਸ ਪ੍ਰਗਟਾਵੇ ਦੌਰਾਨ ਮੋਦੀ, ਯੋਗੀ ਤੇ ਖੱਟਰ ਸਰਕਾਰ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੀਬੀ ਮਾਣੂੰਕੇ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਹਰ ਹੀਲਾ ਵਰਤ ਕੇ ਦਬਾਉਣ ’ਚ ਨਾਕਾਮ ਰਹੀ ਸਰਕਾਰ ਜਿੱਤ ਵੱਲ ਵਧਦੇ ਇਸ ਸੰਘਰਸ਼ ਤੋਂ ਬੁਖਲਾਹਟ ’ਚ ਆ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਅਤੇ ਯੂਪੀ ਨਾਲ ਸਬੰਧਤ ਕੇਂਦਰ ਗ੍ਰਹਿ ਰਾਜ ਮੰਤਰੀ ਦੀਆਂ ਵਾਇਰਲ ਹਈਆਂ ਵੀਡੀਓ ’ਚ ਭਾਜਪਾ ਦੀ ਸੋਚ ਅਤੇ ਭਵਿੱਖ ’ਚ ਸਾਜਿਸ਼ ਨੰਗੀ ਹੁੰਦੀ ਹੈ। ਇਸ ਲਈ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਨੂੰ ਨੋਟਿਸ ਲੈ ਕੇ ਇਨ੍ਹਾਂ ਖ਼ਿਲਾਫ਼ ਲਾਜ਼ਮੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਿਰੜੀ ਸੰਘਰਸ਼ ਤੋਂ ਡਰੀ ਹੋਈ ਭਾਜਪਾ ਸਰਕਾਰ ਬੁਰੀ ਤਰ੍ਹਾਂ ਨਾਲ ਬੁਖਲਾਹਟ ’ਚ ਹੈ।