ਡੀਪੀਐੱਸ ਬੱਤਰਾ
ਸਮਰਾਲਾ, 24 ਜਨਵਰੀ
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਮਾਮਲਾ ਤੂਲ ਫੜ ਚੁੱਕਾ ਹੈ। ਅੱਜ ਇਥੇ ਭਾਜਪਾ ਵਰਕਰਾਂ ਨੇ ਮੁਸਤਫਾ ਵੱਲੋਂ ਕੀਤੀ ਗਈ ਬਿਆਨਬਾਜ਼ੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ, ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਭਾਜਪਾ ਵਰਕਰਾਂ ਵੱਲੋਂ ਐੱਸ.ਡੀ.ਐੱਮ. ਸਮਰਾਲਾ ਰਾਹੀਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਦੇ ਹੋਏ ਮੁਹੰਮਦ ਮੁਸਤਫਾ ਨੂੰ ਗ੍ਰਿਫਤਾਰ ਕਰਨ ਅਤੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾ ਭਾਜਪਾ ਵਰਕਰਾਂ ਵੱਲੋਂ ਐੱਸ.ਡੀ.ਐੱਮ. ਦਫ਼ਤਰ ਅੱਗੇ ਇਸ ਮਾਮਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਹੰਮਦ ਮੁਸਤਫਾ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਗਹਿਲੇਵਾਲ ਨੇ ਆਖਿਆ ਕਿ ਚੋਣਾਂ ਜਿੱਤਣ ਲਈ ਕੁਝ ਲੋਕ ਘਟੀਆ ਹੱਥਕੰਡੇ ਅਪਣਾ ਰਹੇ ਹਨ ਪਰ ਕਿਸੇ ਨੂੰ ਵੀ ਸੂਬੇ ਦੀ ਭਾਈਚਾਰ ਸਾਂਝ ਅਤੇ ਏਕਤਾ ਨੂੰ ਲਾਂਬੂ ਲਾਉਣ ਦੀ ਹਰਕਤ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਾਰੇ ਹੀ ਧਰਮਾਂ ਦੇ ਲੋਕ ਮਿਲਜੁਲ ਕੇ ਰਹਿੰਦੇ ਹਨ ਅਤੇ ਜਿਹੜੇ ਲੋਕ ਧਰਮ ਦੀ ਰਾਜਨੀਤੀ ਲਈ ਵਖਰੇਵੇ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਹਨ, ਉਨ੍ਹਾਂ ਨੂੰ ਲੋਕ ਸਬਕ ਸਿਖਾਉਣ ਲਈ ਤਿਆਰ ਹਨ। ਇਸ ਮੌਕੇ ਹੋਰਾਂ ਤੋਂ ਇਲਾਵਾ ਯਸ਼ਪਾਲ ਗੋਪਾਲ ਮਿੰਟਾ ਮੰਡਲ ਪ੍ਰਧਾਨ, ਅਜੀਤ ਗੁਪਤਾ, ਰਣਜੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਬਲਰਾਮ ਸਰਮਾ ਜ਼ਿਲ੍ਹਾ ਮੀਤ ਪ੍ਰਧਾਨ, ਅੰਬਰੇਸ ਵਰਮਾ ਮੰਡਲ ਜਨਰਲ ਸਕੱਤਰ, ਨਰੇਸ਼ ਪਾਂਡੇ, ਸੰਜੀਵ ਗੋਪਾਲ, ਸੂਰੀਆ ਕਾਂਤ ਵਰਮਾ, ਅਵਿਨਾਸ਼ ਚੰਨਣ, ਅਮਨ ਗੁਪਤਾ, ਡਾ. ਸੰਜੀਵ ਗਰਗ, ਰਮੇਸ਼ ਸ਼ਰਮਾ ਆਦਿ ਹਾਜ਼ਰ ਸਨ।
ਵਕੀਲਾਂ ਵੱਲੋਂ ਸਾਬਕਾ ਡੀਜੀਪੀ ਖਿਲਾਫ਼ ਸ਼ਿਕਾਇਤ
ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮਾਲੇਰਕੋਟਲਾ ਤੋਂ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਤੇ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਮੁਹੰਮਦ ਮੁਸਤਫ਼ਾ ਖਿਲਾਫ਼ ਅਖੰਡ ਭਾਰਤ ਸਨਾਤਨ ਹਿੰਦੂ ਸੰਘ ਦੇ ਅਹੁਦੇਦਾਰਾਂ ਅਤੇ ਵਕੀਲਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਏਡੀਸੀਪੀ ਪ੍ਰੱਗਿਆ ਜੈਨ ਨੂੰ ਮੰਗ ਪੱਤਰ ਦੇ ਕੇ ਵਕੀਲਾਂ ਨੇ ਮੰਗ ਕੀਤੀ ਹੈ ਕਿ ਮੰਤਰੀ ਰਜ਼ੀਆ ਸੁਲਤਾਨਾ ਦੀ ਉਮੀਦਵਾਰ ਰੱਦ ਕੀਤੀ ਜਾਵੇ ਅਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇ। ਵਕੀਲ ਐਡਵੋਕੇਟ ਕੇਜੀ ਸ਼ਰਮਾ ਤੇ ਐਡਵੋਕੇਟ ਸੁਰਿੰਦਰਪਾਲ ਨੇ ਦੱਸਿਆ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਨੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਦੇ ਤਹਿਤ ਹਿੰਦੂ ਸਮਾਜ ਦੇ ਲਈ ਭੜਕਾਊ ਸ਼ਬਦਾਵਲੀ ਦੀ ਵਰਤੋਂ ਕੀਤੀ। ਵਕੀਲ ਭਾਈਚਾਰੇ ਤੇ ਅਖੰਡ ਭਾਰਤ ਸਨਾਤਨ ਹਿੰਦੂ ਸੰਘ ਵੱਲੋਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ ਦੇ ਖਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਜਾਵੇ।