ਸੰਤੋਖ ਗਿੱਲ
ਗੁਰੂਸਰ ਸੁਧਾਰ, 2 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਵਿਚ ਸੈਂਕੜੇ ਗੱਡੀਆਂ ਦਾ ਕਾਫ਼ਲਾ ਮੁੱਲਾਂਪੁਰ ਨੇੜੇ ਹਵੇਲੀ ਤੋਂ ਸਿੰਘੂ ਬਾਰਡਰ ਲਈ ਰਵਾਨਾ ਹੋਇਆ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਸਣੇ ਹੋਰ ਕਿਸਾਨ ਆਗੂਆਂ ਨੇ ਕਿਹਾ ਕਿ ਮੌਸਮ ਦੀ ਮਾਰ ਅਤੇ ਕਰੋਨਾ ਮਹਾਮਾਰੀ ਅੰਦੋਲਨਕਾਰੀ ਕਿਸਾਨਾਂ ਦਾ ਰਾਹ ਨਹੀਂ ਡੱਕ ਸਕਦੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਕਾਫ਼ਲਾ ਸਿੰਘੂ ਅਤੇ ਟਿਕਰੀ ਦੋਵੇਂ ਬਾਰਡਰਾਂ ਉੱਪਰ ਮੋਰਚਿਆਂ ਵਿੱਚ ਦਸ ਦਿਨ ਹਾਜ਼ਰੀ ਲਗਵਾਏਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਲੰਬੇ ਇਤਿਹਾਸਕ ਕਿਸਾਨ ਸੰਘਰਸ਼ ਨੇ ਮੋਦੀ ਦੀ ਸਿਆਸੀ ਹੋਂਦ ਮਿੱਟੀ ਵਿਚ ਮਿਲਾ ਕੇ ਰੱਖ ਦਿੱਤੀ ਹੈ। ਰਹਿੰਦੀ ਕਸਰ ਕਰੋਨਾ ਮਹਾਮਾਰੀ ਨਾਲ ਨਜਿੱਠਣ ਵਿਚ ਅਸਫ਼ਲਤਾ ਨੇ ਪੂਰੀ ਕਰ ਦਿੱਤੀ ਹੈ। ਇਸੇ ਮਹੀਨੇ ਵਿਚ ਇਹ ਦੂਜਾ ਵੱਡਾ ਕਾਫ਼ਲਾ ਦਿੱਲੀ ਲਈ ਭੇਜਿਆ ਗਿਆ ਹੈ। ਪਿੰਡ ਭਨੋਹੜ ਇਕਾਈ ਵੱਲੋਂ ਕਾਫ਼ਲੇ ਲਈ ਚਾਹ ਪਾਣੀ ਅਤੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਨੇ ਦੱਸਿਆ ਕਿ ਇੰਦਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਹੰਬੜਾਂ, ਸਰਬਜੀਤ ਸਿੰਘ ਗਿੱਲ, ਰਣਧੀਰ ਸਿੰਘ ਬੱਸੀਆਂ ਅਤੇ ਦੇਵਿੰਦਰ ਸਿੰਘ ਮਲਸੀਹਾਂ ਦੀ ਅਗਵਾਈ ਵਿਚ ਮੁੱਲਾਂਪੁਰ ਵਿਚ ਇਕੱਤਰਤਾ ਬਾਅਦ ਰੈਲੀ ਕਰਕੇ ਰਵਾਨਾ ਹੋਏ। ਪ੍ਰਸਿੱਧ ਫ਼ਿਲਮੀ ਅਤੇ ਰੰਗਮੰਚ ਕਲਾਕਾਰ ਸੁਰਿੰਦਰ ਸ਼ਰਮਾ ਨੇ ਕਿਸਾਨਾਂ ਨੂੰ ਸਫਲ ਅਤੇ ਸ਼ਾਨਦਾਰ ਸੰਘਰਸ਼ ਲਈ ਮੁਬਾਰਕਬਾਦ ਦਿੱਤੀ।
ਜਨਤਕ ਆਗੂਆਂ ਵੱਲੋਂ ਕਾਫ਼ਲੇ ਦਾ ਸਵਾਗਤ
ਲੁਧਿਆਣਾ (ਖੇਤਰੀ ਪ੍ਰਤੀਨਿਧ): ਲੁਧਿਆਣਾ ਜ਼ਿਲ੍ਹੇ ਦੇ ਪੰਜ ਬਲਾਕਾਂ ਜਗਰਾਓਂ, ਸਿੱਧਵਾਂ ਬੇਟ, ਹੰਬੜਾਂ, ਰਾਏਕੋਟ, ਸੁਧਾਰ ਵਿੱਚੋਂ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਅਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਕ ਹਜ਼ਾਰ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਦਿੱਲੀ ਲਈ ਰਵਾਨਾ ਹੋਇਆ। ਇਸ ਕਾਫ਼ਲੇ ਦੇ ਲੁਧਿਆਣਾ ਪੁੱਜਣ ’ਤੇ ਵੇਰਕਾ ਮਿਲਕ ਪਲਾਂਟ ਲਾਗੇ ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਮਹਾਂ ਸਭਾ ਲੁਧਿਆਣਾ ਦੇ ਕਾਰਕੁਨਾਂ ਵਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਹਰਜਿੰਦਰ ਕੌਰ, ਬਲਵਿੰਦਰ ਸਿੰਘ ਲਾਲ ਬਾਗ਼, ਕਰਤਾਰ ਸਿੰਘ ਪੀਏਯੂ, ਸੁਰਜੀਤ ਸਿੰਘ, ਸੁਬੇਗ ਸਿੰਘ ਫ਼ੌਜੀ, ਟੇਕ ਚੰਦ ਕਾਲੀਆ, ਪ੍ਰਿੰਸੀਪਲ ਅਜਮੇਰ ਦਾਖਾ ਤੇ ਨਵਦੀਪ ਸਿੰਘ ਨੇ ਕਿਸਾਨੀ ਝੰਡੇ ਫੜ ਕੇ ਨਾਅਰੇ ਮਾਰਦਿਆਂ ਕਾਫ਼ਲੇ ਨੂੰ ਜੀ ਆਇਆਂ ਕਿਹਾ। ਇਸ ਕਾਫ਼ਲੇ ’ਚ ਬੀਕੇਯੂ (ਡਕੌਂਦਾ) ਦੇ ਬਲਾਕ ਪ੍ਰਧਾਨ ਸੁਖਮਿੰਦਰ ਸਿੰਘ ਹੰਬੜਾਂ, ਸਰਵਜੀਤ ਗਿੱਲ ਸੁਧਾਰ, ਰਣਧੀਰ ਸਿੰਘ ਉੱਪਲ ਰਾਏਕੋਟ, ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ ਆਪਣੇ ਆਪਣੇ ਬਲਾਕਾਂ ਦੇ ਕਾਫ਼ਲਿਆਂ ਦੀ ਅਗਵਾਈ ਕਰ ਰਹੇ ਸਨ।