ਦੇਵਿੰਦਰ ਸਿੰਘ ਜੱਗੀ
ਪਾਇਲ, 6 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਾਣੀ ਦੀ ਸੰਭਾਲ ਅਤੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸੂਬਾ ਸਰਕਾਰ ਤੋਂ ਪਾਣੀ ਬਚਾਉਣ ਦੇ ਪ੍ਰਬੰਧ ਕਰਵਾਉਣ ਲਈ ਸੂਬਾ ਕਮੇਟੀ ਦੇ ਸੱਦੇ ਤਹਿਤ 6 ਤੋਂ 10 ਜੂਨ ਤੱਕ ਪਾਣੀ ਦੀਆਂ ਟੈਂਕੀਆਂ ਕੋਲ ਧਰਨੇ ਦੇਣ ਦੀ ਮੁਹਿੰਮ ਅੱਜ ਪਿੰਡ ਘੁਡਾਣੀ ਕਲਾਂ ਵਿੱਚ ਪਾਣੀ ਦੀ ਟੈਂਕੀ ਨੇਲੇ ਧਰਨਾ ਦੇ ਕੇ ਸ਼ੁਰੂਆਤ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਲੁਧਿਆਣੇ ਦੇ ਤਕਰੀਬਨ 29 ਪਿੰਡਾਂ ਵਿੱਚ ਧਰਨੇ ਦਿੱਤੇ ਗਏ ਹਨ। ਘੁਡਾਣੀ ਕਲਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਾਣੀ ਦਾ ਪੱਧਰ ਨੀਵਾਂ ਜਾਣ ਦਾ ਜ਼ਿੰਮੇਵਾਰ ਅਮਰੀਕੀ ਮਾਡਲ ਹੈ। ਇਸ ਤਹਿਤ ਝੋਨੇ ਕਣਕ ਦੇ ਚੱਕਰ ਵਿੱਚ ਪਾ ਕੇ ਸਾਡੀਆਂ ਰਵਾਇਤੀ ਫ਼ਸਲਾਂ ਤੋਂ ਮੋੜਾ ਕਟਵਾਇਆ ਗਿਆ। ਕਾਰਪੋਰੇਟਾਂ ਵੱਲੋਂ ਧਰਤੀ ਹੇਠਲਾ ਪਾਣੀ ਕੱਢਣ ਕਾਰਨ ਆਪਣੀ ਮਸ਼ੀਨਰੀ, ਵੱਡੀਆਂ ਮੋਟਰਾਂ ਵੇਚੀਆਂ ਅਤੇ ਰੇਹਾਂ-ਸਪਰੇਆਂ ਰਾਹੀਂ ਵੀ ਅੰਨ੍ਹੇਵਾਹ ਮੁਨਾਫ਼ਾ ਕਮਾਇਆ। ਉਨ੍ਹਾਂ ਕਿਹਾ ਕਿ ਫੈਕਟਰੀਆਂ, ਮਿੱਲਾਂ ਵੱਲੋਂ ਸਾਡੇ ਪੀਣ ਵਾਲੇ ਪਾਣੀ ਨੂੰ ਵੀ ਪ੍ਰਦੂਸ਼ਿਤ ਕੀਤਾ ਗਿਆ ਪਰ ਸਰਕਾਰਾਂ ਵੱਲੋਂ ਕੁਦਰਤੀ ਪਾਣੀ ਨੂੰ ਨਹੀਂ ਸੰਭਾਲਿਆ ਗਿਆ, ਸਗੋਂ ਧਰਤੀ ਹੇਠਲੇ ਪਾਣੀ ਨੂੰ ਮੁਕਾਉਣ ’ਤੇ ਹੀ ਜ਼ੋਰ ਦਿੱਤਾ ਗਿਆ। ਸਰਕਾਰਾਂ ਵੱਲੋਂ ਸਾਰੀਆਂ ਫ਼ਸਲਾਂ, ਵੰਨ-ਸੁਵੰਨਤਾ ਲਿਆਉਣ ਲਈ ਐੱਸਐੱਸਪੀ ਲਾਗੂ ਕਰਨ ਦੀ ਗਾਰੰਟੀ ਨਹੀਂ ਕੀਤੀ ਗਈ ਤਾਂ ਜੋ ਝੋਨੇ ਕਣਕ ਦੇ ਚੱਕਰ ਵਿੱਚੋਂ ਕਿਸਾਨ ਬਾਹਰ ਨਹੀਂ ਨਿਕਲ ਸਕਣ।
ਬਲਵੰਡ ਸਿੰਘ ਘੁਡਾਣੀ ਨੇ ਕਿਹਾ ਪਾਣੀ ਤੇ ਵਾਤਾਵਰਨ ਨੂੰ ਬਚਾਉਣ ਖ਼ਾਤਰ ਲੋਕਾਂ ਨੂੰ ਲਾਮਬੰਦ ਕਰਨ ਲਈ ਵੱਖ-ਵੱਖ ਪਿੰਡਾਂ ਸਿਆੜ, ਕਲਾਹੜ, ਝੱਮਟ, ਕਿਸ਼ਨਪੁਰਾ, ਜੀਰਖ ਤੇ ਸਿਹੋੜਾ ਆਦਿ ਦੀਆਂ ਟੈਂਕੀਆਂ ’ਤੇ ਵੀ ਧਰਨੇ ਲਗਾਏ ਗਏ। ਅੱਜ ਦੇ ਧਰਨੇ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਾ. ਰਾਜਿੰਦਰ ਸਿੰਘ, ਜਾਗਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ, ਬੰਤ ਘੁਡਾਣੀ, ਜਲ ਸਪਲਾਈ ਦੇ ਆਗੂ ਅਮਰਜੀਤ ਸਿੰਘ ਜੱਲ੍ਹਾ, ਸਰਪੰਚ ਹਰਿੰਦਰਪਾਲ ਸਿੰਘ ਹਨੀ, ਬਾਬਾ ਦਰਸ਼ਨ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ, ਜਸਪਾਲ ਸਿੰਘ, ਮੋਹਨ ਸਿੰਘ, ਹਰਮੀਤ ਕੌਰ, ਮਨਜੀਤ ਕੌਰ ਤੇ ਹਰਦੀਪ ਕੌਰ ਵੀ ਸ਼ਾਮਲ ਸਨ।