ਜਸਬੀਰ ਸ਼ੇਤਰਾ
ਜਗਰਾਉਂ, 11 ਮਾਰਚ
ਨੇੜਲੇ ਪਿੰਡ ਸਿੱਧਵਾਂ ਕਲਾਂ ਦੇ ਨੀਲੇ ਕਾਰਡ ਧਾਰਕ ਪਰਿਵਾਰਾਂ ਨੇ ਅੱਜ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਮੁਜ਼ਾਹਰਾ ਕੀਤਾ। ਇਨ੍ਹਾਂ ਮੁਜ਼ਾਹਰਾਕਾਰੀਆਂ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਨੇ ਦੋਸ਼ ਲਾਇਆ ਕਿ ਡਿੱਪੂ ਤੋਂ ਲੋੜਵੰਦ ਪਰਿਵਾਰਾਂ ਨੂੰ ਘੱਟ ਕਣਕ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਣਕ ਕੱਢਵਾ ਕੇ ਖਾਲੀ ਬੋਰੀਆਂ ਵਾਪਸ ਲੈਣ ਦਾ ਵੀ ਉਨ੍ਹਾਂ ਵਿਰੋਧ ਕੀਤਾ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਪਿੰਡ ਸਿੱਧਵਾਂ ਕਲਾਂ ਵਿੱਚ ਜਨਤਕ ਵੰਡ ਪ੍ਰਣਾਲੀ ਤਹਿਤ ਕਣਕ ਦੀਆਂ ਬੋਰੀਆਂ ਜਿੱਥੇ ਘੱਟ ਵਜ਼ਨ ’ਚ ਦੇ ਰਿਹਾ ਹੈ, ਉੱਥੇ ਗਰੀਬ ਲੋਕਾਂ ਨੂੰ ਬਾਰਦਾਨਾ ਵਾਪਸ ਕਰਨ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ’ਤੇ ਜਥੇਬੰਦੀ ਦੇ ਕਾਰਕੁਨਾਂ ਨੇ ਡਿੱਪੂ ਹੋਲਡਰ ਨੂੰ ਅਜਿਹਾ ਕਰਨ ਤੋਂ ਵਰਜਿਆ। ਉਨ੍ਹਾਂ ਦੱਸਿਆ ਕਿ ਡਿੱਪੂ ਹੋਲਡਰ ਨੇ ਭਵਿੱਖ ’ਚ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ ਹੈ। ਪਰ ਜਦੋਂ ਜਥੇਬੰਦੀ ਦੇ ਕਾਰਕੁਨ ਪਰਤ ਆਏ ਤਾ ਉਹ ਕਣਕ ਵੰਡੇ ਤੋਂ ਬਗੈਰ ਹੀ ਟਰਾਲੀ ਵਾਪਸ ਲੈ ਗਿਆ। ਇਸ ’ਤੇ ਰੋਹ ਵਧ ਗਿਆ ਅਤੇ ਜਥੇਬੰਦੀ ਦੀ ਅਗਵਾਈ ’ਚ ਗਰੀਬ ਪਰਿਵਾਰਾਂ ਨੇ ਰੋਸ ਪ੍ਰਗਟ ਕੀਤਾ। ਇਸ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਏਐੱਫਐੱਸਓ ਬੇਅੰਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਉਹ ਪੜਤਾਲ ਕਰਵਾਉਣਗੇ। ਮੁਜ਼ਾਹਰੇ ’ਚ ਹਾਕਮ ਸਿੰਘ, ਚਰਨਜੀਤ ਸਿੰਘ, ਪਰਮਾ ਸਿੰਘ, ਕਾਕਾ ਸਿੰਘ, ਰਣਜੀਤ ਸਿੰਘ, ਜਸਬੀਰ ਕੋਰ, ਮਨਜੀਤ ਕੌਰ, ਜਗੀਰ ਕੋਰ, ਨਛੱਤਰ ਸਿੰਘ ਆਦਿ ਸ਼ਾਮਲ ਸਨ।