ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਸਤੰਬਰ
ਨੇੜਲੇ ਪਿੰਡ ਪੰਜਗਰਾਈਆਂ ਵਿੱਚ ਗੁੱਗਾ ਮਾੜੀ ਦੀ ਯਾਦ ’ਚ ਸਾਲਾਨਾ ਦੰਗਲ ਮੇਲਾ ਇਲਾਕਾ ਵਾਸੀਆਂ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ 120 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਜੌਹਰ ਦਿਖਾਏ। ਪ੍ਰਬੰਧਕਾਂ ਨੇ ਦੱਸਿਆ ਕਿ ਝੰਡੀ ਦੀ ਪਹਿਲੀ ਕੁਸ਼ਤੀ ਵਿੱਚ ਬਿੱਲੂ ਹੁਸ਼ਿਆਰਪੁਰ ਨੇ ਇਬਰਾਹਿਮ ਬਾਬਾ ਫਲਾਹੀ ਨੂੰ ਜਦਕਿ ਝੰਡੀ ਦੀ ਦੂਜੀ ਕੁਸ਼ਤੀ ’ਚ ਬੌਬੀ ਖੰਨਾ ਨੇ ਲੱਕੀ ਗਰਚਾ ਨੂੰ ਚਿੱਤ ਕੀਤਾ। ਪ੍ਰਬੰਧਕਾਂ ਵੱਲੋਂ ਪਹਿਲਵਾਨਾਂ ਨੂੰ ਸੋਨੇ ਦੀਆਂ ਮੁੰਦਰੀਆਂ ਤੇ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਰਣਜੀਤ ਸਿੰਘ ਜੀਤਾ ਜਾਤੀਵਾਲ ਤੇ ਫੁੱਟਬਾਲ ਖਿਡਾਰੀ ਗੋਲਕੀਪਰ ਹਨੀ ਦਾ ਸਨਮਾਨ ਕੀਤਾ ਗਿਆ।
ਇਸੇ ਦੌਰਾਨ ਮਾਛੀਵਾੜਾ ਬੱਸ ਸਟੈਂਡ ਨੇੜੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵੱਲੋਂ ਸਾਬਕਾ ਕੌਂਸਲਰ ਮੰਗਤ ਰਾਏ ਦੀ ਸਰਪ੍ਰਸਤੀ ਤੇ ਪ੍ਰਧਾਨ ਪਵਨ ਕੁਮਾਰ ਦੀ ਅਗਵਾਈ ’ਚ ਸਾਲਾਨਾ ਮੇਲਾ ਤੇ ਕੁਸ਼ਤੀ ਦੰਗਲ ਕਰਵਾਇਆ ਗਿਆ। ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ’ਚ ਸੰਤੋਸ਼ ਮਹਾਰਾਸ਼ਟਰ ਨੇ ਸਾਹਿਬ ਬਾਬਾ ਫਲਾਹੀ ਨੂੰ ਅਤੇ ਜੋਤ ਮਾਛੀਵਾੜਾ ਨੇ ਜਗਰੂਪ ਦੋਰਾਹਾ ਨੂੰ ਹਰਾਇਆ ਜਦਕਿ ਸੁਖਮਨ ਮਾਛੀਵਾੜਾ ਤੇ ਮਨਜੀਤ ਉੱਚਾ ਦੀ ਕੁਸ਼ਤੀ ਬਰਾਬਰ ਰਹੀ। ਜੇਤੂ ਪਹਿਲਵਾਨਾਂ ਦਾ ਸਨਮਾਨ ਮੀਤ ਪ੍ਰਧਾਨ ਦੇਵ ਰਾਜ ਘਾਰੂ, ਮੁੱਖ ਸੇਵਾਦਾਰ ਬਾਬਾ ਜਗਰੂਪ ਸਿੰਘ ਆਦਿ ਨੇ ਕੀਤਾ।
ਪਿੰਡ ਗੋਹ ’ਚ ਦੰਗਲ 13 ਨੂੰ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਗੋਹ ਵਿੱਚ ਸਮੂਹ ਨਗਰ ਪੰਚਾਇਤ ਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ 146ਵਾਂ ਦੰਗਲ 13 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਸਤਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਨੇ ਦੱਸਿਆ ਕਿ ਇਸ ਮੇਲੇ ਵਿਚ ਝੰਡੀ ਦੀ ਕੁਸ਼ਤੀ ਸੱਦਾ ਪੱਤਰ ਵਾਲੇ ਭਲਵਾਨਾਂ ਵਿੱਚੋਂ ਹੀ ਕਰਵਾਈ ਜਾਵੇਗੀ। ਇਸ ਦੰਗਲ ਦੌਰਾਨ ਜੇਤੂ ਪਹਿਲਵਾਨ ਨੂੰ 1,11,111 ਰੁਪਏ ਦਾ ਇਨਾਮ ਦਿੱਤਾ ਜਾਵੇਗਾ।