ਸੰਤੋਖ ਗਿੱਲ
ਗੁਰੂਸਰ ਸੁਧਾਰ, 16 ਸਤੰਬਰ
ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੁਸਤਕ ਸੰਵਾਦ ਕਰਵਾਇਆ ਗਿਆ। ਨਵਤੇਜ ਗੜ੍ਹਦੀਵਾਲਾ ਦੇ ਕਾਵਿ ਸੰਗ੍ਰਿਹ ‘ਅੰਮ੍ਰਿਤ ਕਾਲ ਤੱਕ’ ਬਾਰੇ ਚਰਚਾ ਹੋਈ। ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਸੋਹੀ ਨੇ ਮੁੱਖ ਮਹਿਮਾਨ ਪ੍ਰੋਫੈਸਰ ਬਲਦੇਵ ਸਿੰਘ ਬੱਲੀ ਦਾ ਸਵਾਗਤ ਕੀਤਾ। ਨਵਤੇਜ ਗੜ੍ਹਦੀਵਾਲਾ ਵੱਲੋਂ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾਕਟਰ ਮੋਹਨ ਤਿਆਗੀ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਨਵਤੇਜ ਗੜ੍ਹਦੀਵਾਲਾ ਦੀ ਸ਼ਾਇਰੀ ਆਪਣੇ ਹੀ ਦੇਸ਼ ਵਿੱਚ ਬਣਵਾਸ ਭੋਗ ਰਹੇ, ਕਰੋੜਾਂ ਲੋਕਾਂ ਦੀ ਦਰਦ ਕਥਾ ਹੈ, ਜਿਹੜੇ ਰੋਟੀ ਰੋਜ਼ੀ ਲਈ ਜੰਗ ਲੜ ਰਹੇ ਹਨ। ਕਾਲਜ ਸਾਹਿਤ ਸਭਾ ਦੀ ਵਿਦਿਆਰਥਣ ਜਸਵੀਰ ਕੌਰ ਨੇ ਆਪਣੀ ਲਿਖੀ ਕਵਿਤਾ ਵੀ ਸੁਣਾਈ। ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ‘ਇਤਿਹਾਸਕ ਬੋਧ ਦਾ ਅਮਲ: ਅੰਮ੍ਰਿਤ ਕਾਲ ਤੱਕ’ ਵਿਸ਼ੇ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਨਵਤੇਜ ਗੜ੍ਹਦੀਵਾਲਾ ਦੀ ਕਵਿਤਾ ਦਾ ਸਿਆਸੀ ਉਚਾਰ ਹਜ਼ਾਰਾਂ ਸਮਿਆਂ ਦੇ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਸਫ਼ਰ ਦੌਰਾਨ ਹੋਏ ਮਨੁੱਖੀ ਸ਼ੋਸ਼ਣ ਅਤੇ ਦਮਨ ਦੀ ਪੈੜ ਦੱਬਦਾ ਹੈ। ਲੋਕ ਕਵੀ ਦਲਵੀਰ ਕਲੇਰ ਨੇ ਸੰਤ ਰਾਮ ਉਦਾਸੀ ਦਾ ਗੀਤ ਗਾ ਕੇ ਵਿਦਿਆਰਥੀਆਂ ਵਿੱਚ ਜੋਸ਼ ਭਰਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਸ਼ਬਦ ਦੀ ਸਿਰਜਣਾਤਮਕਤਾ ਦੀ ਸਮਝ ਜ਼ਰੂਰੀ ਹੈ। ਇਸ ਮੌਕੇ ਤਰਲੋਚਨ ਝਾਂਡੇ, ਉਜਾਗਰ ਸਿੰਘ ਲਲਤੋਂ, ਅਮਰੀਕ ਡੋਗਰਾ, ਸੁਰਿੰਦਰ ਨੇਕੀ, ਸ਼ਾਇਰ ਭਗਵਾਨ ਢਿੱਲੋਂ ਅਤੇ ਅਮਰਿੰਦਰ ਸੋਹਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੋਫੈਸਰ ਸੁਖਜੀਤ ਕੌਰ, ਦਲਜੀਤ ਕੌਰ ਅਤੇ ਗਗਨਦੀਪ ਕੌਰ ਨੇ ਵੀ ਸ਼ਮੂਲੀਅਤ ਕੀਤੀ।