ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਨਵੰਬਰ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪੰਜਾਬੀ ਭਵਨ ਵਿੱਚ ਲਗਾਏ ਗਏ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਦਾ ਚੌਥਾ ਦਿਨ ‘ਪੰਜਾਬ ਦੇ ਚੰਗੇਰੇ ਭਵਿੱਖ’ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ‘ਪੰਜਾਬ ਦਾ ਅੱਜ ਅਤੇ ਭਵਿੱਖ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸੈਮੀਨਾਰ ਦੇ ਆਰੰਭ ਵਿੱਚ ਸਭ ਨੂੰ ਜੀ ਆਇਆਂ ਕਿਹਾ। ਉਨ੍ਹਾਂ ਇਸ ਚਾਰ ਰੋਜ਼ਾ ਸਾਹਿਤ ਉਤਸਵ ਮੌਕੇ ਹੁੰਮ ਹੁੰਮਾ ਕੇ ਪਹੁੰਚੇ ਵਿਦਵਾਨਾਂ, ਪ੍ਰਕਾਸ਼ਕਾਂ, ਪੁਸਤਕ ਵਿਕ੍ਰੇਤਾਵਾਂ, ਪੁਸਤਕ ਪ੍ਰੇਮੀਆਂ ਅਤੇ ਸਰੋਤਿਆਂ ਦਾ ਸਵਾਗਤ ਕੀਤਾ।
ਚੌਥੇ ਦਿਨ ਦੇ ਸਮਾਗਮ ਵਿੱਚ ਡਾ. ਗਿਆਨ ਸਿੰਘ ਨੇ ‘ਪੇਂਡੂ ਪੰਜਾਬ ਤੋਂ ਕੌਮਾਂਤਰੀ ਪਰਵਾਸ ਦੇ ਹੂੰਝੇ-ਪੂੰਝੇ-ਕਪੂੰਝੇ’, ਡਾ. ਬਲਵਿੰਦਰ ਸਿੰਘ ਔਲਖ ਨੇ ‘ਪੰਜਾਬ ਦਾ ਸਿਹਤ ਸੰਕਟ’, ਗੁਰਪ੍ਰੀਤ ਸਿੰਘ ਤੂਰ ਨੇ ‘ਪੰਜਾਬ ਅਤੇ ਪਰਵਾਸ’, ਡਾ. ਪਰਮਜੀਤ ਸਿੰਘ ਢੀਂਗਰਾ ਨੇ ‘ਪੰਜਾਬ: ਅਤੀਤ ਅਤੇ ਅੱਜ’ ਵਿਸ਼ਿਆਂ ’ਤੇ ਪੇਪਰ ਪੇਸ਼ ਕੀਤੇ। ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਦਮੀ ਦੇ ਸਕੱਤਰ ਸਾਹਿਤਕ ਸਰਗਰਮੀਆਂ ਡਾ. ਹਰੀ ਸਿੰਘ ਜਾਚਕ ਨੇ ਬਾਖ਼ੂਬੀ ਨਿਭਾਇਆ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸਿਰਸਾ ਨੇ ਕਿਹਾ ਕਿ ਕਲਮਾਂ ਵਾਲਿਆਂ ਦਾ ਇਹ ਫ਼ਰਜ਼ ਹੈ ਕਿ ਲੜਾਈ ਲੜਨ ਵਾਲਿਆਂ ਨੂੰ ਸੇਧ ਦੇਣ। ਸੰਵਿਧਾਨ ਦੀ ਆੜ ਹੇਠ ਅੱਜਕਲ੍ਹ ਆਮ ਆਦਮੀ ਨਪੀੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਤੋਂ ਪੰਜਾਬੀਆਂ ਨੂੰ ਸੁਚੇਤ ਕਰਨ ਦੀ ਲੋੜ ਹੈ।
ਇਸ ਮੌਕੇ ਪੜ੍ਹੇ ਗਏ ਪਰਚਿਆਂ ਬਾਰੇ ਡਾ. ਸੁਖਦੇਵ ਸਿੰਘ ਪੀ.ਏ.ਯੂ., ਸੰਜੀਵਨ, ਬਲਕੌਰ ਸਿੰਘ, ਮਨਦੀਪ ਕੌਰ ਭੰਮਰਾ ਨੇ ਸਵਾਲ ਕੀਤੇ ਅਤੇ ਪੈਨਲਿਸਟ ਨੇੇ ਬਹੁਤ ਵਧੀਆ ਜਵਾਬ ਦਿੱਤੇ। ਡਾ. ਗੁਲਜ਼ਾਰ ਸਿੰਘ ਪੰਧੇਰ ਵਲੋਂ ਸੰਪਾਦਤ ਮੈਗਜ਼ੀਨ ‘ਸਮਾਂਤਰ ਨਜ਼ਰੀਆ’, ਬਾਬਾ ਗੇਂਦਾ ਸਿੰਘ ਦੌਧਰ ਦੀ ਪੁਸਤਕ ਸੰਪਾਦਕ ਡਾ. ਸੁਖਦੇਵ ਸਿੰਘ ਸਿਰਸਾ, ‘ਮੇਰੀ ਜੀਵਨ ਕਥਾ : ਸੱਚੋ ਸੱਚ’, ਰਿਪੁਦਮਨ ਸਿੰਘ ਰੂਪ ਦੀ ਪੁਸਤਕ ‘ਤੀਲਾ’ ਅਤੇ ਹੋਰ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਅਕਾਦਮੀ ਦੇ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਸਿਰਸਾ ਨੇ ਪੈਨਲਿਸਟਾਂ, ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਉਤਸਵ ਵਿਚ ਸ਼ਾਮਲ ਹੋਏ ਸਾਰੇ ਪੈਨਲਿਸਟਾਂ ਤੋਂ ਅਕਾਦਮੀ ਨੂੰ ਵੱਡੀਆਂ ਉਮੀਦਾਂ ਹਨ। ਚਾਰੇ ਦਿਨ ਮੇਲੇ ਵਿਚ ਹਜ਼ਾਰਾਂ ਦਰਸ਼ਕਾਂ ਤੇ ਪੁਸਤਕ ਪ੍ਰੇਮੀਆਂ ਨੇ ਆਨੰਦ ਮਾਣਿਆਂ। ਇਸ ਮੌਕੇ ਬਿਹਾਰੀ ਲਾਲ ਸੱਦੀ, ਸੁਵਰਨ ਸਿੰਘ ਵਿਰਕ, ਕੇਵਲ ਧਾਲੀਵਾਲ (ਇੰਗਲੈਂਡ), ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਅਰਵਿੰਦਰ ਕੌਰ ਕਾਕੜਾ, ਸੰਤੋਖ ਸਿੰਘ ਸੁੱਖੀ, ਡਾ. ਗੁਰਇਕਬਾਲ ਸਿੰਘ, ਜਨਮੇਜਾ ਸਿੰਘ ਜੌਹਲ, ਨਰਿੰਦਰਪਾਲ ਕੌਰ, ਖੁਸ਼ਵੰਤ ਬਰਗਾੜੀ, ਦੀਪ ਦਿਲਬਰ, ਸੋਮਾ ਸਬਲੋਕ, ਸੁਰਿੰਦਰ ਦੀਪ, ਇੰਦਰਜੀਤਪਾਲ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।