ਡੀਪੀਐੱਸ ਬੱਤਰਾ
ਸਮਰਾਲਾ, 10 ਅਗਸਤ
ਲੇਖਕ ਮੰਚ ਸਮਰਾਲਾ ਦੀ ਮਾਸਿਕ ਮੀਟਿੰਗ ਮੰਚ ਦੇ ਪ੍ਰਧਾਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਦੀ ਪ੍ਰਧਾਨਗੀ ਹੇਠ ਕਵਿਤਾ ਭਵਨ ਸਮਰਾਲਾ ਵਿੱਚ ਹੋਈ। ਇਕੱਤਰਤਾ ਵਿੱਚ ਪ੍ਰੋ. ਰਮਨ ਮੁੱਲਾਂਪੁਰ, ਬੁੱਧੀਜੀਵੀ ਗੁਰਭਗਤ ਸਿੰਘ ਮਾਛੀਵਾੜਾ ਦੇ ਨੌਜਵਾਨ ਗਿਆਨ ਸਿੰਘ ਅਤੇ ਐਡਵੋਕੇਟ ਅਮਨਦੀਪ ਸਿੰਘ ਦੇ ਪਿਤਾ ਕਪੂਰ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸੰਸਥਾ ਦੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਦੇ ਸੰਬੋਧਨ ਮਗਰੋਂ ਵਿੱਕੀ ਭੈਣੀ ਸਾਹਿਬ ਨੇ ਸੁਰੀਲੀ ਆਵਾਜ਼ ਵਿੱਚ ਪ੍ਰਦੇਸ ਗਏ ਪੁੱਤ ਅਤੇ ਮਾਪਿਆਂ ਦੀ ਸਾਂਝ ਅਤੇ ਪੀੜਾ ਨੂੰ ਬਾਖੂਬੀ ਬਿਆਨ ਕੀਤਾ। ਗੁਰਸੇਵਕ ਸਿੰਘ ਢਿੱਲੋਂ ਨੇ 35 ਅੱਖਰੀ ਦੋਹੇ ਸੁਣਾ ਕੇ ਮਹਿਫ਼ਿਲ ਵਿੱਚ ਰੰਗ ਬੰਨ੍ਹ ਦਿੱਤਾ। ਨਾਟਕਕਾਰ ਜਗਦੀਸ਼ ਖੰਨਾ ਨੇ ਹਾਜ਼ਰ ਸਾਹਿਤਕਾਰਾਂ ਦੇ ਸਨਮੁੱਖ ਆਪਣੇ ਨਵੇਂ ਲਿਖੇ ਨਾਟਕ ‘ਤਾਲਾਬੰਦੀ’ ਦਾ ਪਾਠ ਕੀਤਾ। ਸੂਰੀਆ ਕਾਂਤ ਵਰਮਾ ਦੀ ਕਵਿਤਾ ‘ਪਤਾ ਈ ਨੀ ਲੱਗਿਆ’ ਤੇ ਅਵਤਾਰ ਉਟਾਲ ਦੀ ਕਵਿਤਾ ‘ਪੌਂ ਬਾਰਾਂ’ ਨੂੰ ਵੀ ਖੂਬ ਪਸੰਦ ਕੀਤਾ ਗਿਆ। ਰਾਜਦੀਪ ਦਿਗਪਾਲ ਅਤੇ ਬਲਵੰਤ ਮਾਂਗਟ ਦੇ ਗੀਤ ਦੀ ਵੀ ਸਰਾਹਨਾ ਕੀਤੀ ਗਈ। ਇਸ ਮੌਕੇ ਐਡਵੋਕੇਟ ਗਗਨਦੀਪ ਸ਼ਰਮਾ, ਮਾਸਟਰ ਰਾਜਵੀਰ ਸਿੰਘ, ਲਖਬੀਰ ਸਿੰਘ ਬਲਾਲਾ, ਕੁਨਾਲ ਅਭੈਜੀਤ ਸਿੰਘ ਹਾਜ਼ਰ ਸਨ।
ਪੁਸਤਕ ਰਿਲੀਜ਼ ਸਮਾਗਮ 16 ਨੂੰ
ਲੁਧਿਆਣਾ (ਖੇਤਰੀ ਪ੍ਰਤੀਨਿਧ): ਗਜ਼ਲ ਮੰਚ ਪੰਜਾਬ ਫਿਲੌਰ ਵਲੋਂ ਦਰਸ਼ਨ ਬੋਪਾਰਾਏ ਦੀ ਕਾਵਿ ਕਿਤਾਬ ‘ਮਿੱਟੀ ਦੇ ਚੁੱਲੇ’ ਦਾ ਰਿਲੀਜ਼ ਸਮਾਗਮ 16 ਅਗਸਤ ਨੂੰ ਗੁਰਮੱਤ ਭਵਨ ਮੁਲਾਂਪੁਰ ਵਿੱਚ ਰੱਖਿਆ ਗਿਆ ਹੈ। ਗ਼ਜ਼ਲ ਮੰਚ ਪੰਜਾਬ ਫਲੌਰ ਦੇ ਸੀ. ਮੀਤ ਪ੍ਰਧਾਨ ਜਗੀਰ ਸਿੰਘ ਪ੍ਰੀਤ ਅਤੇ ਜਨਰਲ ਸਕੱਤਰ ਤਰਲੋਚਨ ਝਾਂਡੇ ਨੇ ਦੱਸਿਆ ਕਿ ਸਮਾਗਮ ਕੋਵਿਡ 19 ਦੀਆਂ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ।