ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਹੋਏ ਇੱਕ ਸਮਾਗਮ ਵਿੱਚ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਮੋਟੇ ਅਨਾਜਾਂ ਬਾਰੇ ਇਕ ਕਿਤਾਬਚਾ ਲੋਕ ਅਰਪਿਤ ਕੀਤਾ।
ਇਹ ਕਿਤਾਬਚਾ ਕੁਦਰਤ ਦੇ ਵਿਸ਼ੇਸ਼ ਉਪਹਾਰ ਵਜੋਂ ਮੋਟੇ ਅਨਾਜਾਂ ਨੂੰ ਖੇਤ ਤੋਂ ਖਾਣੇ ਦੀ ਮੇਜ਼ ਤੱਕ ਭਵਿੱਖ ਦੀ ਖੁਰਾਕ ਵਜੋਂ ਸਮਝਣ ਦਾ ਯਤਨ ਹੈ। ਭਵਿੱਖ ਵਿਚ ਮੰਡੀ ਦੀਆਂ ਲੋੜਾਂ ਅਨੁਸਾਰ ਮੋਟੇ ਅਨਾਜਾਂ ਦੇ ਪੋਸ਼ਣ ਮਹੱਤਵ ਬਾਰੇ ਇਸ ਕਿਤਾਬਚੇ ਵਿਚ ਅਹਿਮ ਜਾਣਕਾਰੀ ਦਿੱਤੀ ਗਈ ਹੈ।
ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਸਿਹਤ ਅਤੇ ਵਾਤਾਵਰਨ ਦੇ ਲਿਹਾਜ਼ ਨਾਲ ਮੋਟੇ ਅਨਾਜਾਂ ਦਾ ਮਹੱਤਵ ਵਧਿਆ ਹੈ। ਖੁਰਾਕ ਵਿੱਚ ਪੋਸ਼ਕ ਤੱਤਾਂ ਸਬੰਧੀ ਜਾਣਕਾਰੀ ਸਧਾਰਨ ਲੋਕਾਂ ਦੇ ਵਿਹਾਰ ਦਾ ਹਿੱਸਾ ਬਣੀ ਹੈ। ਇਸ ਪੱਖ ਤੋਂ ਮੋਟੇ ਅਨਾਜਾਂ ਬਾਰੇ ਕਿਸੇ ਅਹਿਮ ਜਾਣਕਾਰੀ ਦਸਤਾਵੇਜ਼ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।