ਰਾਮ ਗੋਪਾਲ ਰਾਏਕੋਟੀ
ਰਾਏਕੋਟ, 16 ਮਈ
ਸੀਵਰੇਜ ਬੋਰਡ ਵੱਲੋਂ ਸ਼ਹਿਰ ਵਿੱਚ ਸੌ ਫੀਸਦ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਥਾਨਕ ਜਗਰਾਓਂ ਰੋਡ ’ਤੇ ਸੀਵਰੇਜ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਯੂਥ ਆਗੂ ਕਾਮਿਲ ਬੋਪਾਰਾਏ ਅਤੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਮੌਕੇ ’ਤੇ ਪੁੱਜੇ ਅਤੇ ਚੱਲ ਰਹੇ ਕੰਮ ਸਬੰਧੀ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਸੀਵਰੇਜ ਬੋਰਡ ਦੇ ਐੱਸਡੀਓ ਸੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਜੋ ਸੀਵਰੇਜ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਉਸ ਦੇ ਪਹਿਲੇ ਪੜਾਅ ਤਹਿਤ 18 ਕਰੋੜ ਦੀ ਲਾਗਤ ਨਾਲ ਇਕ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਇਕ ਐੱਮਪੀਐੱਸ ਦੀ ਉਸਾਰੀ ਕੀਤੀ ਗਈ ਹੈ, ਜਦਕਿ ਦੂਜੇ ਪੜਾਅ ਹੇਠ ਸ਼ਹਿਰ ਵਿੱਚ 50 ਕਿੱਲੋਮੀਟਰ ਸੀਵਰੇਜ ਲਾਈਨ ਅਤੇ ਸਾਢੇ ਪੰਜ ਕਿੱਲੋਮੀਟਰ ਵਾਟਰ ਸਪਲਾਈ ਲਾਈਨ ਪਾਈ ਜਾਵੇਗੀ, ਜਿਸ ’ਤੇ 17 ਕਰੋੜ ਦੀ ਲਾਗਤ ਆਵੇਗੀ। ਇਸ ਮੌਕੇ ਕਾਮਿਲ ਬੋਪਾਰਾਏ ਨੇ ਕਿਹਾ ਕਿ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਡੀ ਪੱਧਰ ’ਤੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਸ਼ਹਿਰ ਵਿੱਚ ਜੋ ਇਲਾਕੇ ਸੀਵਰੇਜ ਲਾਈਨ ਤੋਂ ਹੁਣ ਤੱਕ ਵਾਂਝੇ ਸਨ, ਉੱਥੇ ਸੀਵਰੇਜ ਪਹੁੰਚਾ ਦਿੱਤਾ ਜਾਵੇਗਾ ਅਤੇ ਸ਼ਹਿਰਵਾਸੀਆਂ ਨੂੰ ਛੇਤੀ ਹੀ ਸੌ ਫੀਸਦ ਸੀਵਰੇਜ ਅਤੇ ਵਾਟਰ ਸਪਲਾਈ ਦੀ ਸਹੂਲਤ ਉਪਲੱਬਧ ਹੋਵੇਗੀ। ਇਸ ਮੌਕੇ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਪ੍ਰਭਦੀਪ ਸਿੰਘ ਨਾਰੰਗਵਾਲ, ਕੌਂਸਲਰ ਕਮਲਜੀਤ ਵਰਮਾਂ, ਰਜਿੰਦਰ ਰਾਜੂ, ਗੁਰਦਾਸ ਮਾਨ, ਸੁਖਵਿੰਦਰ ਸਿੰਘ ਗਰੇਵਾਲ, ਗੁਰਜੰਟ ਸਿੰਘ, ਬਲਜਿੰਦਰ ਸਿੰਘ ਰਿੰਪਾ (ਸਾਰੇ ਕੌਂਸਲਰ), ਨਰੈਣ ਦੱਤ, ਜੋਗਿੰਦਰਪਾਲ ਮੱਕੜ, ਸੁਖਵੀਰ ਸਿੰਘ ਰਾਏ ਤੇ ਮੁਕੇਸ਼ ਸ਼ਰਮਾ ਵੀ ਹਾਜ਼ਰ ਸਨ।