ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਅਗਸਤ
ਇਥੋਂ ਦੀ ਸਬਜ਼ੀ ਮੰਡੀ ਰੇਹੜੀ-ਫੜ੍ਹੀ ਯੂਨੀਅਨ ਨੇ ਸਬਜ਼ੀ ਖ਼ਰੀਦ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਵਿਚ ਕਮੇਟੀ ਦੇ ਅਧਿਕਾਰੀਆਂ ਵੱਲੋਂ ਰੇਹੜੀ-ਫੜ੍ਹੀ ਵਾਲਿਆਂ ਨੂੰ ਸਬਜ਼ੀ ਮੰਡੀ ਦੇ ਪਿੱਛੇ ਬਣਾਈ ਥਾਂ ’ਤੇ ਰੇਹੜੀ ਲਗਾਉਣ ਲਈ ਕਿਹਾ ਗਿਆ ਪਰ ਉਸ ਥਾਂ ’ਤੇ ਸਹੂਲਤਾਂ ਨਾ ਹੋਣ ਕਾਰਨ ਉਨ੍ਹਾਂ ਉੱਥੇ ਰੇਹੜੀਆਂ ਲਾਉਣ ਤੋਂ ਇਨਕਾਰ ਕਰ ਦਿੱਤਾ। ਰੇਹੜੀ-ਫੜੀ ਦੇ ਹੱਕ ‘ਚ ਆਏ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਮੰਡੀ ਅੰਦਰ ਰੇਹੜੀਆਂ ਲਗਵਾਈਆਂ ਅਤੇ ਪੁਲੀਸ ਨੇ ਅਜਿਹਾ ਕਰਨ ਤੋਂ ਰੋਕਿਆ। ਇਸ ਮੌਕੇ ਯਾਦੂ ਨੇ ਰੇਹੜੀ ਵਾਲਿਆਂ ਦਾ ਅਕਾਲੀ ਦਲ ਵੱਲੋਂ ਹਰ ਤਰ੍ਹਾਂ ਨਾਲ ਸਾਥ ਦੇਣ ਦਾ ਭਰੋਸਾ ਦਿੱਤਾ ਤੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਾ ਕਰਨ ਦੀ ਚਿਤਾਵਨੀ ਦਿੱਤੀ। ਯੂਨੀਅਨ ਨੇ ਆਪਣਾ ਕੰਮ ਬੰਦ ਕਰਕੇ ਸਬਜ਼ੀ ਦੀ ਖ਼ਰੀਦ ਦਾ ਮੁਕੰਮਲ ਬਾਈਕਾਟ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਜੇ ਕੋਈ ਖ਼ਰੀਦ ਕਰੇਗਾ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਯੂਨੀਅਨ ਪ੍ਰਧਾਨ ਸ਼ਾਮ ਲਾਲ ਨੇ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਜਿਸ ਥਾਂ ‘ਤੇ ਮੰਡੀ ਲਗਾਉਣ ਲਈ ਰੇਹੜੀ ਵਾਲਿਆਂ ਨੂੰ ਕਿਹਾ ਗਿਆ ਸੀ, ਉਸ ਥਾਂ ‘ਤੇ ਸੀਵਰੇਜ, ਟਾਈਲਾਂ, ਸੜਕਾਂ ਤੇ ਲਾਈਟਾਂ ਦੀ ਕੋਈ ਸਹੂਲਤ ਨਹੀਂ ਹੈ। ਇਸ ਮੌਕੇ ਗਗਨਦੀਪ ਸਿੰਘ, ਸਤੀਸ਼ ਕੁਮਾਰ, ਮਨੋਜ ਕੁਮਾਰ, ਪ੍ਰਦੀਪ ਕੁਮਾਰ ਹਾਜ਼ਰ ਸਨ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਕਿਹਾ ਕਿ ਮੰਡੀ ਬੋਰਡ ਦੀਆਂ ਹਦਾਇਤਾਂ ਹਨ ਕਿ ਮੰਡੀ ਦੇ ਫੜ੍ਹਾਂ ਵਿੱਚ ਰੇਹੜੀਆਂ ਨਹੀਂ ਖੜ੍ਹ ਸਕਦੀਆਂ, ਜੋ ਰੇਹੜੀਆਂ ਲਈ ਥਾਂ ਬਣਾਈ ਹੈ, ਉਸ ਨੂੰ ਜਲਦ ਹੀ ਪੱਕਾ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਸ਼ੇਰਗਿੱਲ, ਗੁਰਮੀਤ ਨਾਗਪਾਲ ਆਦਿ ਹਾਜ਼ਰ ਸਨ।