ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਸਨਅਤੀ ਸ਼ਹਿਰ ਦੇ ਪ੍ਰੇਮ ਨਗਰ ਇਲਾਕੇ ’ਚ ਵੀਰਵਾਰ ਦੀ ਸਵੇਰੇ ਪਰਿਵਾਰਕ ਝਗੜੇ ਨੂੰ ਲੈ ਕੇ ਦੋ ਧੜਿਆਂ ’ਚ ਇੱਟਾਂ ਪੱਥਰ ਚੱਲੇ। ਇਸ ਦੌਰਾਨ ਉਥੇ ਖੜ੍ਹੀ ਇੱਕ ਗੱਡੀ ਤੇ ਐਕਟਿਵਾ ਦੀ ਵੀ ਤੋੜਭੰਨ ਹੋਈ। ਸੂਚਨਾ ਮਿਲਦੇ ਹੀ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦਾ ਪ੍ਰੇਮ ਵਿਆਹ ਹੋਇਆ ਸੀ। ਬੁੱਧਵਾਰ ਨੂੰ ਸਹੁਰੇ ਵਾਲੇ ਆਏ ਸਨ ਅਤੇ ਉਸਦੀ ਪਤਨੀ ਨੂੰ ਜਬਰਦਸਤੀ ਆਪਣੇ ਨਾਲ ਲੈ ਗਏ। ਇਸੇ ਦੌਰਾਨ ਦੋਹਾਂ ’ਚ ਬਹਿਸਬਾਜ਼ੀ ਹੋ ਗਈ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਵੀ ਕੁੱਟਮਾਰ ਹੋਈ ਸੀ, ਜਿਸ ਕਾਰਨ ਸ਼ਿਕਾਇਤ ਪੁਲੀਸ ਨੂੰ ਕੀਤੀ ਗਈ ਸੀ। ਵੀਰਵਾਰ ਦੀ ਸਵੇਰੇ ਸਾਰੇ ਸਮਝੌਤੇ ਲਈ ਇਕੱਠੇ ਹੋ ਰਹੇ ਸਨ ਕਿ ਅਚਾਨਕ ਉਸਦੇ ਸਹੁਰੇ ਵਾਲਿਆਂ ਨੇ ਹਮਲਾ ਕਰ ਦਿੱਤਾ। ਦੋਵੇਂ ਪਾਸਿਓ ਇੱਟਾਂ ਪੱਥਰ ਤੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ। ਅੰਮ੍ਰਿਤਪਾਲ ਨੇ ਦੋਸ਼ ਲਾਇਆ ਕਿ ਹਮਲਾਵਾਰਾਂ ਨੇ ਉਸਦੇ ਪਿਤਾ ਕੰਵਲਜੀਤ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਤੇ ਦਾੜੀ ਵੀ ਪੁੱਟੀ। ਦੂਜੇ ਧਿਰ ਦੇ ਰਿੰਕੂ ਨੇ ਦੱਸਿਆ ਕਿ ਪਰਿਵਾਰਕ ਮਾਮਲਾ ਸੁਲਝਾਉਣ ਲਈ ਉਹ ਆਏ ਸਨ ਪਰ ਉਨ੍ਹਾਂ ਨੇ ਹਮਲਾ ਕਰ ਦਿੱਤਾ। ਏਸੀਪੀ ਸੈਂਟਰਲ ਵਰਿਆਮ ਸਿੰਘ ਨੇ ਦੱਸਿਆ ਕਿ ਦੋਵੇਂ ਧੜਿਆਂ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ, ਜਿਸਦੀ ਵੀ ਗਲਤੀ ਹੋਵੇਗੀ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।