ਗੁਰਿੰਦਰ ਸਿੰਘ
ਲੁਧਿਆਣਾ, 8 ਮਾਰਚ
ਬਸਪਾ ਦੇ ਸੂਬਾ ਸਕੱਤਰ ਅਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਨਵਨਿਯੁਕਤ ਇੰਚਾਰਜ ਗੁਰਲਾਲ ਸੈਲਾ ਨੇ ਕਿਹਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਚੋਣ ਗਠਜੋੜ ਬਾਰੇ ਅੰਤਿਮ ਫ਼ੈਸਲਾ ਪਾਰਟੀ ਪ੍ਰਧਾਨ ਨੇ ਕਰਨਾ ਹੈ ਅਤੇ ਸੂਬਾ ਇਕਾਈ ਵੱਲੋਂ ਗਠਜੋੜ ਦੇ ਸਬੰਧ ’ਚ ਵਰਕਰਾਂ ਦੀ ਇੱਛਾ ਮੁਤਾਬਕ ਹਾਈ ਕਮਾਂਡ ਨੂੰ ਸੁਝਾਅ ਭੇਜ ਦਿੱਤੇ ਗਏ ਹਨ। ਉਹ ਅੱਜ ਕੁਲਦੀਪ ਨਗਰ ਵਿੱੱਚ ਜ਼ਿਲ੍ਹਾ ਪ੍ਰਧਾਨ ਜੀਤ ਰਾਮ ਬਸਰਾ ਦੀ ਅਗਵਾਈ ਹੇਠ ਹੋਈ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਦੌਰਾਨ ਗੱਲਬਾਤ ਕਰ ਰਹੇ ਸਨ, ਜਿਸ ਵਿੱਚ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਉੱਤੇ 15 ਮਾਰਚ ਨੂੰ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮੋਟਰਸਾਈਕਲਾਂ ਦੇ ਕਾਫਲਿਆਂ ਰਾਹੀਂ ‘ਹਾਥੀ ਯਾਤਰਾਵਾਂ’ ਕੱਢੀਆਂ ਜਾਣਗੀਆਂ, ਜਿਨ੍ਹਾਂ ਦਾ ਮੁੱਖ ਮੰਤਵ ਲੋਕ ਵਿਰੋਧੀ 3 ਖੇਤੀ ਕਾਨੂੰਨ, ਕਿਰਤ ਕਾਨੂੰਨ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਾਉਣ ਤੋਂ ਇਲਾਵਾ ਹੋਰ ਮੁੱਦੇ ਹੋਣਗੇ। ਇਸ ਮੌਕੇ ਭੁਪਿੰਦਰ ਜੋੜਾ ਜ਼ੋਨ ਇੰਚਾਰਜ, ਮਨਜੀਤ ਸਿੰਘ ਬਾੜੇਵਾਲ ਤੇ ਸੁਰਿੰਦਰਪਾਲ ਹੀਰਾ ਇੰਚਾਰਜ ਲੁਧਿਆਣਾ ਆਦਿ ਹਾਜ਼ਰ ਸਨ।