ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਅਪਰੈਲ
ਪੁਲੀਸ ਵੱਲੋਂ ਬੁਲੇਟ ਮੋਟਰਸਾਈਕਲਾਂ ਖ਼ਿਲਾਫ਼ ਕੀਤੀ ਗਈ ਸਖ਼ਤੀ ਦਾ ਅਸਰ ਹੁਣ ਮੋਟਰਸਾਈਕਲਾਂ ਦੀ ਵਿਕਰੀ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੁਲੇਟ ਮੋਟਰਸਾਈਕਲ ਖਰੀਦਣ ਲਈ ਜੋ ਪਹਿਲਾਂ ਮਾਰੋ ਮਾਰ ਹੁੰਦੀ ਸੀ, ਹੁਣ ਉਹ ਨਹੀਂ ਹੈ। ਇਸ ਦੇ ਨਾਲ ਹੀ ਏਜੰਸੀ ਦੇ ਮਾਲਕ ਵੀ ਪ੍ਰੇਸ਼ਾਨ ਹਨ। ਪੁਲੀਸ ਏਜੰਸੀ ਵੱਲੋਂ ਲਾਏ ਬੁਲੇਟ ਮੋਟਰਸਾਈਕਲਾਂ ਦੇ ਸਾਈਲੈਂਸਰਾਂ ਦੇ ਵੀ ਚਲਾਨ ਕਰ ਰਹੀ ਹੈ। ਇਸ ਕਾਰਨ ਲੋਕ ਏਜੰਸੀ ਵਾਲਿਆਂ ਕੋਲ ਪੁੱਜ ਕੇ ਰੌਲਾ ਪਾ ਰਹੇ ਹਨ। ਕੁੱਝ ਲੋਕਾਂ ਨੂੰ ਤਾਂ ਏਜੰਸੀ ਵਾਲਿਆਂ ਨੇ ਸਰਟੀਫਿਕੇਟ ਵੀ ਜਾਰੀ ਕੀਤੇ ਹਨ ਕਿ ਉਨ੍ਹਾਂ ਦਾ ਸਾਈਲੈਂਸਰ ਕੰਪਨੀ ਵੱਲੋਂ ਲਗਾਇਆ ਗਿਆ, ਅਸਲੀ ਸਾਈਲੈਂਸਰ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਚਲਾਨ ’ਤੇ ਰਾਹਤ ਮਿਲੀ ਹੈ। ਏਜੰਸੀ ਮਾਲਕਾਂ ਨੇ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਮਿਲ ਕੇ ਮੁਲਾਜ਼ਮਾਂ ਨੂੰ ਅਸਲੀ ਸਾਈਲੈਂਸਰ ਤੇ ਮੋਡੀਫਾਈਡ ਸਾਈਲੈਂਸਰ ਦੇ ਬਾਰੇ ’ਚ ਪੂਰੀ ਤਰ੍ਹਾਂ ਸਪੱਸ਼ਟੀਕਰਨ ਦੇਣ ਦੀ ਗੱਲ ਕੀਤੀ। ਫਿਰੋਜ਼ਪੁਰ ਰੋਡ ਸਥਿਤ ਬਰਨਾਲਾ ਆਟੋ ਮੋਬਾਈਲ ਦੇ ਮੈਨੇਜਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਨੂੰ ਅਸਲੀ ਅਤੇ ਮੋਡੀਫਾਈਡ ਸਾਇਲੈਂਸਰ ਬਾਰੇ ਇੰਨ੍ਹੀ ਜਾਣਕਾਰੀ ਨਹੀਂ ਹੈ। ਉਹ ਹਰ ਉਸ ਮੋਟਰਸਾਈਕਲ ਦਾ ਚਲਾਨ ਕੱਟ ਦਿੰਦੇ ਹਨ, ਜੋ ਪਟਾਕਾ ਮਾਰਦਾ ਹੈ, ਜਦੋਂ ਕਿ ਜਿਵੇਂ ਉਹ ਚੈੱਕ ਕਰਦੇ ਹਨ ਤਾਂ ਉਸ ਤਰ੍ਹਾਂ ਕਿਸੇ ਵੀ ਮੋਟਰਸਾਈਕਲ ਦਾ ਪਟਾਕਾ ਮਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਹਰ ਮੋਟਰਸਾਈਕਲ ਦਾ ਚਲਾਨ ਕਰ ਦਿੱਤਾ ਹੈ। ਅਸਲੀ ਸਾਈਸਲੈਂਸਰ ਵਾਲਿਆਂ ਨੂੰ ਵੀ ਮੋਟੇ ਜੁਰਮਾਨੇ ਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਕਾਰਨ ਉਹ ਉਨ੍ਹਾਂ ਨਾਲ ਆ ਕੇ ਬਹਿਸ ਕਰ ਰਹੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਮਾਣ ਪੱਤਰ ਦਿੱਤਾ ਹੈ ਤਾਂ ਕੁਝ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਮਿਲਣ ਲਈ ਗਏ ਸਨ, ਪਰ ਉਥੇਂ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਉਹ ਪੁਲੀਸ ਦੇ ਨਾਲ ਮਿਲ ਕੇ ਟ੍ਰੇਨਿੰਗ ਕੈਂਪ ਲਾਉਣ ਦੀ ਆਫ਼ਰ ਵੀ ਦੇ ਚੁੱਕੇ ਹਨ, ਤਾਂ ਕਿ ਪੁਲੀਸ ਮੁਲਾਜ਼ਮਾਂ ਨੂੰ ਮੋਡੀਫਾਈਡ ਤੇ ਅਸਲੀ ਸਾਈਲੈਂਸਰ ਦੇ ਬਾਰੇ ’ਚ ਜਾਣਕਾਰੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਅਧਿਕਾਰੀਆਂ ਨਾਲ ਮੁਲਾਕਾਤ ਜ਼ਰੂਰ ਕਰਨਗੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।