ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਅਗਸਤ
ਸਨਅਤੀ ਸ਼ਹਿਰ ’ਚ ਰੱਖੇ ਗਏ ਸੂਬਾ ਪੱਧਰੀ 75ਵੇਂ ਆਜ਼ਾਦੀ ਦਿਵਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਪੁਲੀਸ ਪੂਰੀ ਤਰ੍ਹਾਂ ਚੌਕਸ ਰਹੀ। ਮੁੱਖ ਮੰਤਰੀ ਨੂੰ ਬੁਲੇਟ ਪਰੂਫ਼ ਸੁਰੱਖਿਆ ’ਚ ਰੱਖਿਆ ਗਿਆ। ਪਿਛਲੇ ਸਮੇਂ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਅੰਤਿਮ ਸਮੇਂ ’ਚ ਵੀ ਕਈ ਫੈਸਲੇ ਬਦਲ ਦਿੱਤੇ ਗਏ। ਇਸ ਦੇ ਨਾਲ-ਨਾਲ ਮੁੱਖ ਮੰਤਰੀ ਬੁਲੇਟ ਪਰੂਫ਼ ਗੱਡੀ ’ਚ ਗੁਰੂ ਨਾਨਕ ਸਟੇਡੀਅਮ ਪੁੱਜੇ ਤੇ ਸੂਬਾ ਪੱਧਰੀ ਸਮਾਗਮ ’ਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਉਨ੍ਹਾਂ ਨੇ ਬੁਲੇਟ ਪਰੂਫ਼ ਡਾਇਸ ’ਚ ਖੜ੍ਹੇ ਹੋ ਕੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਪੈਸ਼ਲ ਕਮਾਂਡੋ ਫੋਰਸ ਦੇ ਮੁਲਾਜ਼ਮ ਵੀ ਆਪਣੇ ਹਥਿਆਰਾਂ ਨਾਲ ਉਨ੍ਹਾਂ ਦੇ ਆਲੇ ਦੁਆਲੇ ਤੈਨਾਤ ਰਹੇ। ਇਸ ਦੌਰਾਨ ਜਦੋਂ ਮੁੱਖ ਮੰਤਰੀ ਸਲਾਮੀ ਲੈ ਰਹੇ ਸਨ ਤਾਂ ਡੀਜੀਪੀ ਗੌਰਵ ਯਾਦਵ ਖੁਦ ਕੋਲ ਖੜ੍ਹੇ ਰਹੇ ਤੇ ਆਸਪਾਸ ਸੁਰੱਖਿਆ ਦਾ ਪਹਿਰਾ ਰਿਹਾ। ਇਸ ਤੋਂ ਇਲਾਵਾ ਸਟੇਡੀਅਮ ਦੇ ਚਾਰੇ ਪਾਸੇ ਸੁਰੱਖਿਆ ਪ੍ਰਬੰਧ ਸਖਤ ਰਹੇ ਤੇ ਦਰਸ਼ਕ ਗੈਲਰੀ ’ਚ ਵੀ ਪੁਲੀਸ ਮੁਲਾਜ਼ਮ ਖੜ੍ਹੇ ਰਹੇ। ਹਰ ਵਿਅਕਤੀ ’ਤੇ ਬਾਜ਼ ਅੱਖ ਰੱਖੀ ਗਈ। ਜਿਸ ਰੂਟ ਤੋਂ ਮੁੱਖ ਮੰਤਰੀ ਦਾ ਕਾਫ਼ਲਾ ਲੰਘਣਾ ਸੀ, ਉਸ ਰਸਤੇ ਨੂੰ ਪੰਜ ਮਿੰਟ ਪਹਿਲਾਂ ਹੀ ਆਵਾਜਾਈ ਮੁਕਤ ਕਰ ਦਿੱਤਾ ਗਿਆ ਤੇ ਮੁੱਖ ਮੰਤਰੀ ਦਾ ਕਾਫ਼ਲਾ ਲੰਘਣ ਤੋਂ 5 ਮਿੰਟ ਬਾਅਦ ਲੋਕਾਂ ਨੂੰ ਲੰਘਣ ਦਿੱਤਾ ਗਿਆ।
ਅਖੀਰ ਸਮੇਂ ਪ੍ਰਸ਼ਾਸਨ ਨੇ ਬਦਲੇ ਕਈ ਅਹਿਮ ਫ਼ੈਸਲੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਦਿਨ ਪਹਿਲਾਂ ਹੀ ਸ਼ਹਿਰ ਪੁੱਜ ਗਏ ਤੇ ਫਾਈਵ ਸਟਾਰ ਹੋਟਲ ’ਚ ਉਨ੍ਹਾਂ ਦੇ ਰੁਕਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੌਰਾਨ ਹੋਟਲ ਦੇ ਆਲੇ ਦੁਆਲੇ ਦਾ ਇਲਾਕਾ ਸੀਲ ਕਰ ਦਿੱਤਾ ਗਿਆ। ਸੜਕਾਂ ਵੀ ਸੀਲ ਕਰ ਦਿੱਤੀਆਂ ਗਈਆਂ। ਉਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੁੱਖ ਮੰਤਰੀ ਰਾਹੀਂ ਜ਼ਰੂਰਤਮੰਦਾਂ ਨੂੰ ਟ੍ਰਾਈਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਣੀਆਂ ਸਨ, ਪਰ ਸੁਰੱਖਿਆ ਨੂੰ ਦੇਖਦਿਆਂ ਉਹ ਨਹੀਂ ਵੰਡਣ ਦਿੱਤਾ ਗਿਆ ਤੇ ਬਾਅਦ ’ਚ ਪ੍ਰਸਾਸ਼ਨ ਨੇ ਜਿਨ੍ਹਾਂ ਲੋਕਾਂ ਨੂੰ ਸਾਈਕਲ ਜਾਂ ਮਸ਼ੀਨਾਂ ਦੇਣੀਆਂ ਸਨ, ਉਹ ਖੁਦ ਦੇ ਦਿੱਤੇ। ਇਸ ਤੋਂ ਇਲਾਵਾ ਬੁਲਟ ਪਰੂਫ਼ ਡਾਇਸ ਮੁੱਖ ਮੰਤਰੀ ਦੇ ਭਾਸ਼ਣ ਲਈ ਲਾ ਦਿੱਤਾ ਗਿਆ। ਜਿਸ ਜਗ੍ਹਾ ਲੋਕਾਂ ਨੂੰ ਸਨਮਾਨਿਤ ਕਰਨਾ ਸੀ, ਉਥੇਂ ਵੀ ਸਾਦੀ ਵਰਦੀ ’ਚ ਪੁਲੀਸ ਤਾਇਨਾਤ ਕਰ ਦਿੱਤੀ ਗਈ।