ਨਿੱਜੀ ਪੱਤਰ ਪ੍ਰੇਰਕ/ਟਨਸ
ਲੁਧਿਆਣਾ, 26 ਅਕਤੂਬਰ
ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨਿਊਫੈਕਚਰਿੰਗ ਐਸੋਸੀਏਸ਼ਨ (ਯੂਸੀਪੀਐਮ) ਦੇ ਕਾਰੋਬਾਰੀਆਂ ਦਾ ਵਫ਼ਦ ਮੰਡਲ ਪ੍ਰਧਾਨ ਡੀਐੱਸ ਚਾਵਲਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ। ਇਸ ਦੌਰਾਨ ਉਨ੍ਹਾਂ ਨਾਲ ਸੀਨੀਅਰ ਮੀਤ ਚੇਅਰਮੈਨ ਰਾਜਨ ਗੁਪਤਾ, ਚੀਫ਼ ਐਡਵਾਈਜ਼ਰ ਹਰਸਿਮਰਜੀਤ ਸਿੰਘ ਲੱਕੀ, ਮੈਨੇਜਿੰਗ ਕਮੇਟੀ ਮੈਂਭਰ ਜਗਮੋਹਨ ਸਿੰਘ ਤੇ ਤਰਸੇਮ ਲਾਲ ਥਾਪਰ ਮੌਜੂਦ ਸਨ। ਇਸ ਦੌਰਾਨ ਕਾਰੋਬਾਰੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ’ਚ ਸਭ ਤੋਂ ਅਹਿਮ ਮੁੱਦਾ ਮਿਕਸ ਲੈਂਡ ਯੂਜ ਇੰਡਸਟਰੀ ਦਾ ਰਿਹਾ। ਕਾਰੋਬਾਰੀਆਂ ਨੇ ਕਿਹਾ ਕਿ ਇਸ ਨੂੰ ਐਕਸਟੈਨਸ਼ਨ ਦੇਣ ਦੀ ਥਾਂ ਹੁਣ ਗ੍ਰੀਨ ਕੈਟਾਗਿਰੀ ਲਈ ਇੰਡਸਟਰੀਅਲ ਇਲਾਕਾ ਐਲਾਨਿਆ ਜਾਵੇ। ਇਸ ’ਤੇ ਵਿੱਤ ਮੰਤਰੀ ਨੇ ਕਿਹਾ ਕਿ ਜਲਦੀ ਹੀ ਇਸ ਦਾ ਸਥਾਈ ਹੱਲ ਕੱਢ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਵਿੱਚ ਪੁਰਾਣੇ ਵੈਟ ਕੇਸ ਨੂੰ ਘੱਟੋ ਘੱਟ ਚਾਰਜਸ ਨਾਲ ਖਤਮ ਕਰਨ, ਵੈਟ ਰਿਫੰਡ ਦੇਣ, ਜੀਐਸਟੀ ਪ੍ਰਕਿਰਿਆ ਸ਼ੁਰੂ ਕਰਨ, ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਭਾਅ ਦੇਣ, ਪੀਐਸਪੀਸੀਐਲ ਦੇ ਫਿਕਸ ਚਾਰਜ਼ਿਜ਼ ਖਤਮ ਕਰਨ ਸਮੇਤ ਕਈ ਅਹਿਮ ਮੁੱਦੇ ਚੁੱਕੇ ਗਏ। ਵਿੱਤ ਮੰਤਰੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਜਲਦ ਵਿਚਾਰ ਕਰਕੇ ਜਾਇਜ਼ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।