ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 30 ਮਈ
ਸਵਾਭੀਮਾਨ ਸੁਸਾਇਟੀ ਵੱਲੋਂ ਇੱਥੋਂ ਦੀ ਸ੍ਰੀ ਰਾਮ ਮੰਦਰ ਧਰਮਸ਼ਾਲਾ ਵਿੱਚ ਦਿਵਿਆਂਗ ਅਤੇ ਅੰਗਹੀਣ ਬੱਚਿਆਂ ਦੇ ਮਾਪਿਆਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਸਥਾਨਕ ਸ਼ਹਿਰ ਤੋਂ ਇਲਾਵਾ ਲਾਗਲੇ ਪਿੰਡਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਸਮੇਤ ਹਿੱਸਾ ਲਿਆ। ਆਮ ਆਦਮੀ ਪਾਰਟੀ ਆਗੂ ਸੰਜੀਵ ਬੱਬੂ ਪੰਡਿਤ ਦੀ ਰਹਿਨੁਮਾਈ ਵਿੱਚ ਲਗਾਏ ਗਏ ਕੈਂਪ ਦੀ ਪ੍ਰਧਾਨਗੀ ਮੀਨਾ ਸ਼ਰਮਾ ਨੇ ਕੀਤੀ ਅਤੇ ਬਲਵੰਤ ਸਿੰਘ ਗੱਜਣਮਾਜਰਾ ਐੱਮਡੀ ਤਾਰਾ ਫੀਡ ਇੰਡਸਟਰੀਜ਼ ਮੁੱਖ ਮਹਿਮਾਨ ਸਨ। ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਵੱਲੋਂ ਦਿਵਿਆਂਗ ਅਤੇ ਵਿਕਲਾਂਗ ਬੱਚਿਆਂ ਦੇ ਇਲਾਜ ਅਤੇ ਚੰਗੇਰੇ ਭਵਿੱਖ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਮਾਪਿਆਂ ਨੂੰ ਦੱਸਦਿਆਂ ਬੁਲਾਰਿਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਜ਼ਿਆਦਾਤਰ ਮਾਪਿਆਂ ਨੇ ਆਪਣੇ ਬੱਚਿਆਂ ਦਾ ਯੂਡੀਆਈਡੀ ਕਾਰਡ ਵੀ ਨਹੀਂ ਬਣਾਇਆ ਹੋਇਆ। ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਵਿੱਚ ਹੀਣ ਭਾਵਨਾ ਪੈਦਾ ਨਾ ਹੋਣ ਦੇਣ ਅਤੇ ਉਨ੍ਹਾਂ ਦੇ ਵਿਕਾਸ ਲਈ ਹਰ ਯਤਨ ਕਰਨ। ਇਸ ਮੌਕੇ ਪ੍ਰਿੰਸੀਪਲ ਬਲਜੀਤ ਸਿੰਘ ਤੱਗੜ, ਬਿੰਦਰ ਡੇਹਲੋਂ ਅਤੇ ਹਰੀ ਦੱਤ ਸ਼ਰਮਾ ਨੇ ਵੀ ਕੈਂਪ ਵਿੱਚ ਯੋਗਦਾਨ ਪਾਇਆ।