ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 31 ਜਨਵਰੀ
ਕਾਂਗਰਸ ਦੇ ਨਾਰਾਜ਼ ਆਗੂਆਂ ਤੇ ਪੰਚਾਂ-ਸਰਪੰਚਾਂ ਨੂੰ ਨਾਲ ਤੋਰਨ ’ਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਅੱਜ ਨਾਨਕਸਰ ਸੰਪਰਦਾਇ ਦੀ ਮੁੱਖ ਠਾਠ ਨਾਨਕਸਰ ਕਲੇਰਾਂ ਨਤਮਸਤਕ ਹੋਣ ਉਪਰੰਤ ਆਪਣੀ ਚੋਣ ਮੁਹਿੰਮ ਵਿੱਢ ਦਿੱਤੀ। ਅੱਜ ਨਾਨਕਸਰ ਮੱਥਾ ਟੇਕਣ ਜਾਣ ਮੌਕੇ ਜ਼ਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਬਿ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਆਦਿ ਉਨ੍ਹਾਂ ਨਾਲ ਸਨ। ਜੱਗਾ ਹਿੱਸੋਵਾਲ ਨੂੰ ‘ਆਪ’ ਵਿੱਚੋਂ ਰਾਏਕੋਟ ਤੋਂ ਆਇਆ ਹੋਣ ਕਰਕੇ ਟਿਕਟ ਦੇ ਐਲਾਨ ਮੌਕੇ ਨਾਰਾਜ਼ਗੀ ਝੱਲਣੀ ਪਈ ਪਰ ਪੰਜ ਛੇ ਦਿਨ ਮਗਰੋਂ ਪਾਰਟੀ ਦੀ ਸਥਾਨਕ ਲੀਡਰਸ਼ਿਪ ਉਨ੍ਹਾਂ ਨਾਲ ਤੁਰ ਪਈ ਹੈ। ਅੱਜ ਇਥੇ ਸਿਟੀ ਪੈਲੇਸ ’ਚ ਕਾਂਗਰਸ ਪਾਰਟੀ ਦਾ ਇਕ ਇਕੱਠ ਰੱਖਿਆ ਗਿਆ ਜਿਸ ’ਚ ਇਲਾਕੇ ਦੇ ਚਾਰ ਦਰਜਨ ਤੋਂ ਵੱਧ ਕਾਂਗਰਸੀ ਸਰਪੰਚਾਂ ਨੇ ਉਨ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ। ਬਲਾਕ ਕਾਂਗਰਸ ਦੇ ਪ੍ਰਧਾਨ ਰਵਿੰਦਰ ਸਭਰਵਾਲ ਤੇ ਸਾਬਕਾ ਪ੍ਰਧਾਨ ਗੋਪਾਲ ਸ਼ਰਮਾ, ਜਿਹੜੇ ਪਹਿਲਾਂ ਵਿਰੋਧ ’ਚ ਡਟੇ ਸਨ, ਉਹ ਵੀ ਅੱਜ ਕਾਂਗਰਸੀ ਉਮੀਦਵਾਰ ਦੀ ਪਿੱਠ ’ਤੇ ਆ ਗਏ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਹਨ ਅਤੇ ਸਮੁੱਚੀ ਪਾਰਟੀ ਫਿਰ ਤੋਂ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਇਕਜੁਟ ਹੈ।
‘ਆਪ’ ਉਮੀਦਵਾਰ ਗੁਰੂ ਘਰ ਨਤਮਸਤਕ
ਮਾਛੀਵਾੜਾ (ਪੱਤਰ ਪ੍ਰੇਰਕ): ਹਲਕਾ ਸਮਰਾਲਾ ਤੋਂ ‘ਆਪ’ ਦੇ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋ ਨਾਮਜ਼ਦਗੀ ਪੱਤਰ ਦਾਖਲ ਕੀਤੇ। ਗੁਰੂ ਘਰ ਵਿਚ ਅੱਜ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਅਤੇ ‘ਆਪ’ ਦੇ ਸਮਰਥਕਾਂ ਨੇ ਪਾਰਟੀ ਦੀ ਜਿੱਤ ਲਈ ਅਰਦਾਸ ਕੀਤੀ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਉਹ ਇੱਕ ਸਧਾਰਨ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਜਦਕਿ ਉਨ੍ਹਾਂ ਦੀ ਲੜਾਈ ਅਕਾਲੀ ਦਲ, ਕਾਂਗਰਸ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਧਨਾਢਾਂ ਨਾਲ ਹੈ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਕੇ ‘ਆਪ’ ਨੂੰ ਜਿਤਾਉਣ ਲਈ ਇੱਕਜੁਟ ਹੋ ਗਏ ਹਨ। ਇਸ ਮੌਕੇ ਪੁੱਜੇ ਹਲਕਾ ਸਮਰਾਲਾ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਤਹਿਤ ਉਹ ਹਲਕੇ ਤੋਂ ‘ਆਪ’ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ ਅਤੇ ਉਨ੍ਹਾਂ ਦੇ ਸਮਰਥਕ ਵੀ ਚੋਣ ਮੁਹਿੰਮ ਵਿਚ ਡੱਟ ਗਏ ਹਨ।