ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 3 ਫਰਵਰੀ
ਵੋਟਾਂ ਤੋਂ ਬਾਅਦ ਜਿਹੜੇ ਸਿਆਸੀ ਆਗੂਆਂ ਦੇ ਮਗਰ-ਮਗਰ ਘੁੰਮਣਾ ਪੈਂਦਾ ਹੈ, ਹੁਣ ਵੋਟਾਂ ਦੇ ਦਿਨਾਂ ’ਚ ਉਨ੍ਹਾਂ ਨੇ ਗੇੜੇ ਮਾਰ-ਮਾਰ ਲੋਕਾਂ ਦੇ ਵਿਹੜੇ ਨੀਵੇਂ ਕਰ ਛੱਡੇ ਹਨ। ਕਰੋਨਾ ਨੇਮਾਂ ਕਰਕੇ ਵੱਡੇ ਇਕੱਠ ਤੇ ਸਿਆਸੀ ਰੈਲੀਆਂ ਤਾਂ ਹੋ ਨਹੀਂ ਰਹੀਆਂ, ਇਸ ਲਈ ਉਮੀਦਵਾਰ ਘਰ-ਘਰ ਗੇੜੇ ਮਾਰਦੇ ਫਿਰਦੇ ਹਨ। ਉਹ ਆਪਣੇ ਸਮੱਰਥਕਾਂ ਦੇ ਘਰ ਪਹੁੰਚ ਕੇ ਆਰਾਮ ਨਾਲ ਬੈਠਦੇ, ਚਾਹ-ਪਾਣੀ ਪੀਂਦੇ ਇਉਂ ਦਰਸਾਅ ਰਹੇ ਹਨ ਕਿ ਉਨ੍ਹਾਂ ਕੋਲ ਲੋਕਾਂ ਲਈ ਫੁਰਸਤ ਹੀ ਫੁਰਸਤ ਹੈ। ਇਨ੍ਹਾਂ ਫੁਰਸਤ ਦੇ ਪਲਾਂ ’ਚ ਹੀ ਉਹ ਹਮਾਇਤੀ ਪਰਿਵਾਰਾਂ ਤੇ ਆਮ ਲੋਕਾਂ ਨਾਲ ਵਧੇਰੇ ਘੁਲਣ ਮਿਲਣ ਦਾ ਯਤਨ ਕਰ ਰਹੇ ਹਨ। ਉਥੇ ਹੀ ਔਰਤ ਵੋਟਰਾਂ ਨੂੰ ਪ੍ਰਭਾਵਿਤ ਕਰਕੇ ਉਨ੍ਹਾਂ ਦੀਆਂ ਵੋਟਾਂ ਆਪਣੇ ਹੱਕ ’ਚ ਭੁਗਤਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੀਆਂ ਪਤਨੀਆਂ ਨੂੰ ਵੀ ਚੋਣ ਪਿੜ ’ਚ ਉਤਾਰ ਦਿੱਤਾ ਹੈ। ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੀ ਪਤਨੀ ਪੁਨੀਤਾ ਸੰਧੂ ਉਂਝ ਤਾਂ ਪਿਛਲੇ ਕੁਝ ਮਹੀਨੇ ਤੋਂ ਲਗਾਤਾਰ ਸਰਗਰਮ ਹੈ ਪਰ ਟਿਕਟ ਦੇ ਐਲਾਨ ਤੋਂ ਬਾਅਦ ਉਨ੍ਹਾਂ ਹੁਣ ਆਪਣੀ ਸਰਗਰਮੀ ਪੂਰੀ ਤੇਜ਼ ਕਰ ਦਿੱਤੀ ਹੈ। ਪਿੰਡ ਕੁਲਾਰ ’ਚ ਉਨ੍ਹਾਂ ਔਰਤਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਕੀਲਣ ਦਾ ਯਤਨ ਕੀਤਾ। ਇਸ ਸਮੇਂ ਇਕ ਬੱਚੀ ਦੇ ਜਨਮ ਦਿਨ ਦਾ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ। ਔਰਤਾਂ ਦੇ ਇਕੱਠ ’ਚ ਪਹੁੰਚ ਕੇ ਪੁਨੀਤਾ ਸੰਧੂ ਨੇ ਉਨ੍ਹਾਂ ਨਾਲ ਸੈਲਫ਼ੀਆਂ ਲਈਆਂ। ਆਪਣੇ ਸੰਬੋਧਨ ’ਚ ਉਨ੍ਹਾਂ ਔਰਤਾਂ ਦੇ ਹੱਕਾਂ ਦੀ ਗੱਲ ਕੀਤੀ ਅਤੇ ਕਿਹਾ ਕਿ ਉਹ ਵੋਟ ਦੀ ਸਹੀ ਵਰਤੋਂ ਕਰਕੇ ਵੱਡੀ ਤਬਦੀਲੀ ਲਿਆ ਸਕਦੀਆਂ ਹਨ। ਇਸ ਸਮੇਂ ਹਰਮਨ ਕੁਲਾਰ ਸਮੇਤ ਕਈ ਆਗੂ ਮੌਜੂਦ ਸਨ।
ਉਮੀਦਵਾਰਾਂ ਨੇ ਘਨੇੜੇ ਚੜ੍ਹਾਏ ਲੋਕਾਂ ਦੇ ਨਿਆਣੇ
ਵਧੇਰੇ ਅਪਣੱਤ ਦਿਖਾਉਣ ਲਈ ਤਾਂ ਕਈ ਉਮੀਦਵਾਰ ਲੋਕਾਂ ਦੇ ਨਿਆਣੇ ਚੁੱਕ ਕੇ ਵੀ ਖਿਡਾ ਰਹੇ ਹਨ। ਜਗਰਾਉਂ ਤੋਂ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਹਲਕੇ ’ਚ ਭਾਵੇਂ ਨਵੇਂ ਹਨ ਪਰ ਲੋਕਾਂ ਨੂੰ ਆਪਣਾ ਦਿਖਾਉਣ ਲਈ ਉਹ ਪੂਰੀ ਤਨਦੇਹੀ ਨਾਲ ਪ੍ਰਚਾਰ ਕਰ ਰਹੇ ਹਨ। ਘਰ-ਘਰ ਦੌਰੇ ਦੌਰਾਨ ਇਕ ਪਰਿਵਾਰ ਕੋਲ ਉਨ੍ਹਾਂ ਛੋਟਾ ਜਿਹਾ ਬੱਚਾ ਦੇਖਿਆ ਤਾਂ ਕੁਝ ਮਹੀਨੇ ਦੇ ਇਸ ਬੱਚੇ ਨੂੰ ਗੋਦੀ ਚੁੱਕ ਕੇ ਲਾਡ ਲਡਾਉਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਇਕ ਪਿੰਡ ’ਚ ਪਹੁੰਚੇ ਅਕਾਲੀ-ਬਸਪਾ ਉਮੀਦਵਾਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਬੀਬੀਆਂ ਤੋਂ ਛੋਟਾ ਬੱਚਾ ਲੈ ਕੇ ਖਿਡਾਇਆ ਤੇ ਲਾਡ ਲਡਾਇਆ। ਇਹ ਬੱਚਾ ਵੀ ਅੱਗੋਂ ‘ਸਿਆਸੀ ਉਸਤਾਦ’ ਨਿਕਲਿਆ ਅਤੇ ਝੱਟ ਬਾਂਹ ਖੜ੍ਹੀ ਕਰਕੇ ਨਾਅਰੇ ਲਾਉਣ ਦੀ ਮੁਦਰਾ ’ਚ ਆ ਗਿਆ। ਸੁਭਾਵਿਕ ਅਜਿਹਾ ਹੋਣ ’ਤੇ ਉਮੀਦਵਾਰ ਇਯਾਲੀ ਵੀ ਫੁੱਲ ਵਾਂਗ ਖਿੜ ਗਿਆ ਅਤੇ ਬੱਚੇ ਦੇ ਪਰਿਵਾਰ ਦੀਆਂ ਬੀਬੀਆਂ ਵੀ ਹਾਸਾ ਨਾ ਰੋਕ ਸਕੀਆਂ।
‘ਆਪ’ ਵਾਲਿਆਂ ਨੇ ਬੱਚਿਆਂ ਨੂੰ ਪੁਆਈਆਂ ਟੋਪੀਆਂ
ਸਿਆਸੀ ਪਾਰਟੀਆਂ ਵੋਟਾਂ ’ਚ ਬੱਚਿਆਂ ਨੂੰ ਵੀ ਆਪਣਾ ਪ੍ਰਚਾਰਕ ਦਿਖਾਉਣ ਤੋਂ ਪਰਹੇਜ਼ ਨਹੀਂ ਕਰਦੀਆਂ, ਭਾਵੇਂ ਇਨ੍ਹਾਂ ਬੱਚਿਆਂ ਦੀ ਨਾ ਤਾਂ ਵੋਟ ਬਣੀ ਹੁੰਦੀ ਹੈ ਤੇ ਨਾ ਹੀ ਉਨ੍ਹਾਂ ਨੂੰ ਚੰਗੇ ਮਾੜੇ ਦੀ ਸੋਝੀ ਹੁੰਦੀ ਹੈ। ਆਮ ਆਦਮੀ ਪਾਰਟੀ ਦੀਆਂ 2017 ਵਾਲੀਆਂ ਟੋਪੀਆਂ ਐਤਕੀਂ ਕਿੱਧਰੇ ਵੀ ਦਿਖਾਈ ਨਹੀਂ ਦਿੰਦੀਆਂ। ‘ਆਪ’ ਦੀਆਂ, ‘ਮੈਂ ਹਾਂ ਆਮ ਆਦਮੀ’ ਅਤੇ ‘ਝਾੜੂ’ ਵਾਲੀਆਂ ਟੋਪੀਆਂ ਅੱਜ ਕੁਝ ਬੱਚਿਆਂ ਦੇ ਸਿਰਾਂ ’ਤੇ ਦਿਖਾਈ ਦਿੱਤੀਆਂ। ਅਸਲ ’ਚ ‘ਆਪ’ ਉਮੀਦਵਾਰ ਸਰਵਜੀਤ ਕੌਰ ਮਾਣੂੰਕੇ ਦੇ ਹੱਕ ’ਚ ਪ੍ਰਚਾਰ ਕਰ ਰਹੀ ਟੀਮ ਨੇ ਇਕ ਥਾਂ ਇਨ੍ਹਾਂ ਬੱਚਿਆਂ ਦੇ ਟੋਪੀਆਂ ਲਾ ਕੇ ਨਾ ਕੇਵਲ ਫੋਟੋਆਂ ਖਿੱਚੀਆਂ ਤੇ ਵੀਡੀਓ ਬਣਾਈ ਸਗੋਂ ਇਸ ਨੂੰ ਆਪਣੇ ਹੱਕ ’ਚ ਵਰਤਣ ਲਈ ਸੋਸ਼ਲ ਮੀਡੀਆ ’ਤੇ ਵੀ ਪਾਇਆ।