ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਜੂਨ
ਇਥੇ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਨੂੰ ਲੈ ਕੇ ਅੱਜ ਟੀਮ ਗੋਗਾ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਰਾਮ ਨਗਰ ਮਾਰਕੀਟ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਅਕਾਲ ਸਾਹਿਬ ਤੱਕ ਸਮਾਪਤ ਹੋਇਆ। ਇਸ ਮੌਕੇ ਹਰਜਿੰਦਰ ਸਿੰਘ ਸੰਧੂ, ਕੁੰਦਨ ਸਿੰਘ ਨਾਗੀ ਅਤੇ ਭਾਈ ਕੁਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਭੋਗ ਸਮਾਗਮ ਵਿੱਚ ਉਨ੍ਹਾਂ ਦੀ ਮਾਤਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਪੌਦੇ ਲਗਾਉਣ ਦੀ ਕੀਤੀ ਅਪੀਲ ਨੂੰ ਮੰਨ ਕੇ ਉਸਦੀ ਯਾਦ ਨੂੰ ਸਦੀਵੀ ਬਨਾਉਣ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਅਕਾਸ਼ ਵਰਮਾ, ਸੁਖਵਿੰਦਰ ਸਿੰਘ ਦਹੇਲੇ, ਚਤਰ ਸਿੰਘ, ਨੀਲਮ ਪਨੇਸਰ, ਤਜਿੰਦਰ ਸਿੰਘ ਸੈਣੀ, ਸਮਿਤੀ ਸ਼ਰਮਾ, ਮਨਪ੍ਰੀਤ ਕੌਰ, ਕਰਨੈਲ ਕੌਰ, ਸੋਨਿਕਾ ਵਰਮਾ, ਸਤਵੰਤ ਸਿੰਘ ਮਠਾੜੂ, ਨੀਲਮ ਸ਼ਰਮਾ, ਅਤੇ ਸੰਨੀ ਥਰੀਕੇ ਆਦਿ ਵੀ ਹਾਜ਼ਰ ਸਨ।
ਕਾਂਗਰਸ ਨੇ ਮੂਸੇਵਾਲਾ ਦੇ ਪਰਿਵਾਰ ਲਈ ਇਨਸਾਫ਼ ਮੰਗਿਆ
ਸਮਰਾਲਾ (ਪੱਤਰ ਪ੍ਰੇਰਕ): ਪੰਜਾਬ ਦੇ ਮਸ਼ਹੂਰ ਗਾਇਕ ਅਤੇ ਉੱਘੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦਾ ਗੈਗਸਟਰਾਂ ਵੱਲੋਂ ਕੀਤੇ ਗਏ ਕਤਲ ਦੇ ਵਿਰੋਧ ’ਚ ਕਾਂਗਰਸ ਪਾਰਟੀ ਵੱਲੋਂ ਇਥੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕਾਂਗਰਸ ਵਰਕਰਾਂ ਵੱਲੋਂ ਸਿੱਧੂ ਦੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਤਖਤੀਆਂ ਵੀ ਫੜੀਆਂ ਹੋਈਆਂ ਸਨ ਅਤੇ ਮੰਗ ਕੀਤੀ ਜਾ ਰਹੀ ਸੀ, ਕਿ ਇਸ ਮਾਮਲੇ ’ਚ ਸਿੱਧੂ ਨੂੰ ਕਤਲ ਕਰਨ ਵਾਲੇ ਸ਼ੂਟਰਾਂ ਤੋਂ ਇਲਾਵਾ ਇਸ ਘਟਨਾ ਦੇ ਪਿੱਛੇ ਦੇ ਸਾਰੇ ਉਨ੍ਹਾਂ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇ, ਜਿਨ੍ਹਾਂ ਨੇ ਇਸ ਕਤਲ ਦੀ ਪੂਰੀ ਸਾਜ਼ਿਸ਼ ਘੜੀ ਸੀ। ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੋਏ ਇਸ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਅਤੇ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਹਲਕਾ ਸਮਰਾਲਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਸੰਬੋਧਨ ਕਰਦਿਆ ਮੰਗ ਕੀਤੀ ਕਿ, ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਉਦੋਂ ਹੀ ਮਿਲੇਗਾ, ਜਦੋਂ ਸਰਕਾਰ ਅਸਲ ਕਾਤਲਾਂ ਨੂੰ ਗ੍ਰਿਫਤਾਰ ਕਰ ਲਵੇਗੀ। ਇਸ ਮੌਕੇ ਅਜਮੇਰ ਸਿੰਘ ਪੂਰਬਾ, ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਵਾਈਸ ਪ੍ਰਧਾਨ ਸਨੀ ਦੂਆ, ਕੌਂਸਲਰ ਰਣਧੀਰ ਸਿੰਘ ਪਨੇਸਰ ਆਦਿ ਨੇ ਵੀ ਸੂਬੇ ’ਚ ਵਿਗੜੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ।