ਸਤਵਿੰਦਰ ਬਸਰਾ
ਲੁਧਿਆਣਾ, 12 ਫਰਵਰੀ
ਡੈਮੋਕ੍ਰੈਟਿਕ ਮੁਲਾਜ਼ਮ ਫੈੱਡਰੇਸ਼ਨ ਲੁਧਿਆਣਾ ਵੱਲੋਂ ਸੂਬਾਈ ਪ੍ਰੋਗਰਾਮ ਤਹਿਤ ‘ਗ਼ਦਰੀ ਬਾਬਾ ਭਾਨ ਸਿੰਘ ਯਾਦਗਾਰ’ ਸੁਨੇਤ ਵਿਚ ਮੁਲਾਜ਼ਮ ਕਾਨਫਰੰਸ ਕੀਤੀ ਗਈ। ਇਸ ਵਿੱਚ ਮੁੱਖ ਬੁਲਾਰੇ ਦੇ ਤੌਰ ’ਤੇ ਬੋਲਦਿਆਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਅਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਦੇਸ਼ ਅੰਦਰ ਚੱਲ ਰਹੇ ਪਾਰਟੀਆਂ ਦੇ ਗੱਠਜੋੜਾਂ ਅਤੇ ਪਾਰਟੀਆਂ ਦੇ ਚਰਿੱਤਰ ’ਤੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਕਿਰਤੀ ਲੋਕਾਂ ਦੇ ਅਸਲੀ ਮੁੱਦੇ ਸੰਘਰਸ਼ਾਂ ਨਾਲ ਹੀ ਹੱਲ ਹੁੰਦੇ ਹਨ। ਸਰਮਾਏਦਾਰ ਪਾਰਟੀਆਂ ਕਦੇ ਵੀ ਲੋਕਾਂ ਦੇ ਮਸਲੇ ਹੱਲ ਨਹੀਂ ਕਰਦੀਆਂ ਬਲਕਿ ਉਹ ਉਦਯੋਗਪਤੀ ਘਰਾਣਿਆਂ, ਵੱਡੇ ਪੂੰਜੀਪਤੀਆਂ ਲਈ ਕੰਮ ਕਰਦੀਆਂ ਹਨ। ਇਨ੍ਹਾਂ ਲੋਕਾਂ ਦੇ ਨਾਲ-ਨਾਲ ਸਿਆਸਤਦਾਨ ਆਪਣੀ ਜਾਇਦਾਦ ਨੂੰ ਜਰਬਾਂ ਦਿੰਦੇ ਹਨ।
ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਬਹੁਤ ਵੱਡਾ ਪ੍ਰਚਾਰ ਕੀਤਾ ਗਿਆ ਪਰ ਅਖ਼ੀਰ ਚੋਣ ਜ਼ਾਬਤਾ ਲੱਗਣ ਤਕ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲਾ ਕਾਨੂੰਨ ਤੱਕ ਨਹੀਂ ਬਣਾ ਸਕੇ। ਜ਼ਿਲ੍ਹਾ ਸਕੱਤਰ ਜਨਰਲ ਰਮਨਜੀਤ ਸੰਧੂ ਨੇ ਕਿਹਾ ਕਿ ਪਿਛਲੇ 74 ਸਾਲਾਂ ਦੌਰਾਨ ਕਿਰਤੀ ਲੋਕਾਂ ਦੇ ਪੱਲੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਪਿਆ। ਡੈਮੋਕਰੈਟਿਕ ਮਿੱਡ-ਡੇਅ ਮੀਲ ਯੂਨੀਅਨ ਦੇ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਮਿਡ-ਡੇਅ ਮੀਲ ਵਰਕਰਾਂ ਨੂੰ ਪੱਕਾ ਕਰਨ ਬਾਰੇ ਸਰਕਾਰ ਨੇ ਜੋ ਲਾਰੇ ਲਗਾਏ ਸੀ ਉਹ ਚੋਣ ਜ਼ਾਬਤਾ ਲੱਗਣ ਤਕ ਸਿਰੇ ਨਹੀਂ ਚੜ੍ਹੇ ਅਤੇ ਤਨਖਾਹ ਵਿੱਚ ਸਿਰਫ਼ 800 ਰੁਪਏ ਦਾ ਵਾਧਾ ਕਰ ਕੇ ਵਰਕਰਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ।
ਇਸ ਮੌਕੇ ਮਨਜੀਤ ਕੌਰ, ਕੁਲਵੰਤ ਕੌਰ, ਗੁਰਦੀਪ ਕੌਰ, ਤਜਿੰਦਰ ਕੌਰ, ਸੀਮਾ ਦੇਵੀ, ਸੁਮਨ, ਸੁਨੀਤਾ, ਅਰੁਣ ਕੁਮਾਰ, ਐਡਵੋਕੇਟ ਹਰਪ੍ਰੀਤ ਜੀਰਖ ਆਦਿ ਹਾਜ਼ਰ ਸਨ।