ਲੁਧਿਆਣਾ:
ਥਾਣਾ ਮਾਡਲ ਟਾਊਨ ਦੇ ਇਲਾਕੇ ਆਤਮ ਪਾਰਕ ਕੋਲ ਦੋ ਕਾਰਾਂ ਦੀ ਟੱਕਰ ਦੌਰਾਨ ਇੱਕ ਕਾਰ ਚਾਲਕ ਵੱਲੋਂ ਦੂਜੀ ਕਾਰ ਦੇ ਚਾਲਕ ਦੀ ਕੁੱਟਮਾਰ ਕਰਨ ’ਤੇ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਫੀਲਡ ਗੰਜ ਵਾਸੀ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਭਤੀਜੇ ਮਨਜੋਤ ਸਿੰਘ ਨਾਲ ਆਪਣੀ ਕਾਰ ’ਤੇ ਕਿਸੇ ਨਿੱਜੀ ਕੰਮਕਾਰ ਸਬੰਧੀ ਆਤਮ ਪਾਰਕ ਚੌਕੀ ਦੀ ਬੈਕ ਸਾਇਡ ਪੁੱਜਿਆ ਤਾਂ ਲਵਨੀਸ਼ ਅਰੋੜਾ ਆਪਣੀ ਕਾਰ ਮੋੜਨ ਲੱਗਾ ਤਾਂ ਉਸ ਦੀ ਕਾਰ ਮਨਜੋਤ ਸਿੰਘ ਦੀ ਕਾਰ ਵਿੱਚ ਲੱਗੀ ਜਿਸ ਨਾਲ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ। ਉਹ ਜਦੋਂ ਉਸ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਲਵਨੀਸ਼ ਅਰੋੜਾ, ਉਸਦੇ ਪਿਤਾ ਹਰਮੇਸ਼ ਅਰੋੜਾ ਤੇ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਦੋਹਾਂ ਦੀ ਕੁਟਮਾਰ ਕੀਤੀ ਅਤੇ ਭਤੀਜੇ ਦੀ ਪੱਗ ਵੀ ਲਾਹ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਥਾਣੇਦਾਰ ਰਵਿੰਦਰ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ