ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 18 ਜੁਲਾਈ
ਹਲਕਾ ਸਾਹਨੇਵਾਲ ਦੇ ਇਕ ਪਿੰਡ ਵਿੱਚ ਆਪਣੇ ਗੁਆਂਢ ’ਚ ਹੀ ਰਹਿੰਦੀ ਨਾਬਾਲਗ ਲੜਕੀ ਨੂੰ ਭਜਾ ਕੇ ਲਿਜਾਣ ਵਾਲੇ ਨੌਜਵਾਨ ਰਾਘਵ ਸਿੰਘ (ਕਾਲਪਨਿਕ ਨਾਂ) ਨੂੰ ਦਰੱਖਤ ਨਾਲ ਬੰਨ੍ਹ ਮੂੰਹ ਕਾਲਾ ਕਰਕੇ ਜੁੱਤੀਆਂ ਦਾ ਹਾਰ ਪਾ ਸ਼ਰਮਨਾਕ ਸਜ਼ਾ ਦੇਣ ਵਾਲੇ ਪਿੰਡ ਦੇ ਹੀ ਵਾਸੀ ਕੇਵਲ ਸਿੰਘ, ਨਛੱਤਰ ਸਿੰਘ ਸਮੇਤ 4 ਹੋਰ ਅਣਪਛਾਤਿਆਂ ਵਿਅਕਤੀਆਂ ਸਮੇਤ 6 ਖਿਲਾਫ਼ ਕੂੰਮਕਲਾਂ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਰਾਘਵ ਸਿੰਘ ਜੋ ਕਿ ਪਿੰਡ ਦੀ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਉਸ ਨੂੰ ਲੰਘੀ 16 ਜੂਨ ਨੂੰ ਲੜਕੀ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਜਿਸ ’ਤੇ ਪੁਲਸ ਵੱਲੋਂ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਜਿਸ ’ਚੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਿਸੇ ਵੀ ਕਥਿਤ ਮੁਲਜ਼ਮ ਨੂੰ ਆਪਣੇ ਤੌਰ ’ਤੇ ਸਜ਼ਾ ਦੇਣਾ ਜੁਰਮ ਹੈ। ਇਸ ਤਹਿਤ ਪੁਲੀਸ ਨੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਬਾਕੀ ਵਿਅਕਤੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।