ਲੁਧਿਆਣਾ : ਥਾਣਾ ਸਦਰ ਦੀ ਪੁਲੀਸ ਨੇ ਇਕ ਕਲੋਨਾਈਜਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਸ ਵੱਲੋਂ ਅਣਅਧਿਕਾਰਤ ਤੌਰ ’ਤੇ ਕਲੋਨੀ ਕੱਟ ਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਗਲਾਡਾ ਦੇ ਜੇਈ ਪੰਕੁਸ਼ ਨੰਦਾ ਨੇ ਸ਼ਿਕਾਇਤ ਕੀਤੀ ਹੈ ਕਿ ਰਾਜਗੁਰੂ ਨਗਰ ਭਾਟੀਆ ਕਲੋਨੀ ਵਾਸੀ ਅਤੁਲ ਸੂਦ ਵੱਲੋਂ ਥਰੀਕੇ ਪਿੰਡ ਵਿੱਚ ਗਲਾਡਾ ਦੀ ਮਨਜ਼ੂਰੀ ਤੋਂ ਬਿਨਾਂ ਅਣਅਧਿਕਾਰਤ ਤੌਰ ਤ’ੇ ਕਾਲੋਨੀ ਕੱਟਕੇ ਸਰਕਾਰ ਅਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1985 ਅਤੇ ਉਸ ਦੀਆਂ ਸੋਧਾਂ ਦੀ ਉਲੰਘਣਾ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ