ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਮਈ
ਪਿਛਲੇ ਲਗਪਗ 9 ਵਰ੍ਹਿਆਂ ਤੋਂ ਸਿੱਧਵਾਂ ਬੇਟ-ਜਗਰਾਉਂ ਮਾਰਗ ’ਤੇ ਪਿੰਡ ਬੰਗਸੀਪੁਰਾ ਵਿੱਚ ਇਨਸਾਨਾਂ ਅਤੇ ਪਸ਼ੂਆਂ ਦੇ ਲੱਗਣ ਵਾਲੇ ਟੀਕੇ ਅਤੇ ਦਵਾਈਆਂ ਬਣਾਉਣ ਵਾਲੀ ਨਾਮੀ ਫਰਮ ‘ਇਨਮੈਕ ਲੈਬਾਰਟਰੀਜ਼’ ਦਾ ਨਾਮ ਵਰਤ ਕੇ ਯੂਪੀ (ਅਲੀਗੜ੍ਹ) ਵਿੱਚ ਟੀਕੇ ਅਤੇ ਦਵਾਈਆਂ ਤਿਆਰ ਕਰ ਪੂਰੇ ਭਾਰਤ ਵਿੱਚ ਸਪਲਾਈ ਕਰਨ ਵਾਲੇ ਜਾਅਲਸਾਜ਼ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ।‘ਇਨਮੈਕ ਲੈਬਾਰਟਰੀਜ਼’ ਦੇ ਮਾਲਕ ਗੁਰਦੀਪ ਸਿੰਘ ਦੀਪਾ,ਸੁਪਰਵਾਈਜ਼ਰ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ’ਚ ਪਸ਼ੂਆਂ ਦੇ ਗਰਭ ਧਾਰਨ ਅਤੇ ਕੁੱਝ ਕੁ ਇਨਸਾਨਾਂ ਦੇ ਲੱਗਣ ਵਾਲੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਕੁੱਝ ਕੁ ਸਮਾਂ ਪਹਿਲਾਂ ਯੂਪੀ ਵਿੱਚ ਜਾਅਲੀ ਦਵਾਈਆਂ ਦੇ ਰੈਕੇਟ ਦਾ ਉੱਥੋਂ ਦੇ ਡਰੱਗ ਸੈੱਲ ਨੇ ਪਰਦਾਫਾਸ਼ ਕੀਤਾ। ਇਸ ਮਾਮਲੇ ਵਿੱਚ ਪੁਲੀਸ ਨੇ ਕਪਿਲ ਦੇਵ ਵਾਸੀ ਰਾਮ ਨਗਰ ਆਈਟੀਆਈ ਰੋਡ ਅਲੀਗੜ੍ਹ ਨੂੰ ਹਿਰਾਸਤ ਵਿੱਚ ਲਿਆ । ਜਦੋਂ ਇਸ ਮਾਮਲੇ ਦੀ ਘੋਖ ਹੋਈ ਤਾਂ ਸਾਹਮਣੇ ਆਇਆ ਕਿ ਜਾਅਲਸਾਜ਼ ‘ਇਨਮੈਕ ਲੈਬਾਰਟਰੀਜ਼’ ਦੀਆਂ ਮਾਨਤਾ ਪ੍ਰਾਪਤ ਦਵਾਈਆਂ ਜਿੰਨ੍ਹਾਂ ਵਿੱਚ ਮੈਕ ਡੀਪੋਟ-750 ਐੱਮਐੱਲ, 3 ਐੱਮਐੱਲ ਜਾਅਲੀ ਟੀਕੇ ਤਿਆਰ ਕਰਕੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵੱਡੀ ਪੱਧਰ ’ਤੇ ਸਪਲਾਈ ਕਰ ਰਿਹਾ ਹੈ। ਗੁਰਦੀਪ ਸਿੰਘ ਦੀਪਾ ਨੇ ਆਪਣੀ ਫਰਮ ਦੇ ਨਾਮ ਤੇ ਹੋ ਰਹੀ ਜਾਅਲਸਾਜ਼ੀ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ। ਮਾਮਲੇ ਦੀ ਪੜਤਾਲ ਆਈਜੀ ਸੁਰਿੰਦਰਪਾਲ ਸਿੰਘ ਪਰਮਾਰ ਸਮੇਤ ਹੋਰ ਉੱਚ ਅਧਿਕਾਰੀਆਂ ਨੇ ਜਾਂਚ ਕਰਕੇ ਕਪਿਲ ਦੇਵ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉੱਚ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਵੀ ਇਸ ਮੁਲਜ਼ਮ ਖਿਲਾਫ ਥਾਣਾ ਅਜੀਤਵਾਲ (ਮੋਗਾ)’ਚ ਸ਼ਿਕਾਇਤ ਕੀਤੀ ਗਈ ਸੀ।