ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਫਰਵਰੀ
ਥਾਣਾ ਜਮਾਲਪੁਰ ਦੀ ਪੁਲੀਸ ਨੇ ਪਿੰਡ ਸਹਿਬਾਣਾ ਵਿਖੇ ਨਿੱਜੀ ਰੰਜ਼ਿਸ਼ ਕਾਰਨ ਪਿੰਡ ਦੇ ਹੀ ਕੁੱਝ ਲੋਕਾਂ ’ਤੇ ਫਾਇਰਿੰਗ ਕਰਨ ਦੇ ਦੋਸ਼ ਤਹਿਤ ਪਿਉ-ਪੁੱਤਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪਿਉ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਿੰਡ ਸਹਿਬਾਣਾ ਵਾਸੀ ਅਮਰਿੰਦਰ ਸਿੰਘ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ ਤਾਂ ਘਰ ਦੇ ਕੋਲ ਬਚਿੱਤਰ ਸਿੰਘ ਅਤੇ ਉਸਦੇ ਲੜਕੇ ਹਰਮਨ ਸਿੰਘ ਜਿਨ੍ਹਾਂ ਕੋਲ ਰਿਵਾਲਵਰ ਅਤੇ 315 ਬੋਰ ਰਾਈਫਲ ਸੀ, ਨੇ ਉੱਚੀ ਉੱਚੀ ਰੌਲਾ ਪਾਉਂਦੇ ਹੋਏ ਰਿਵਾਲਵਰ ਉਨ੍ਹਾਂ ਵੱਲ ਕਰਕੇ ਫਾਇਰ ਕੀਤਾ ਤਾਂ ਉਹ ਇਧਰ ਉਧਰ ਹੋ ਕੇ ਬਚ ਗਏ। ਇਸ ਦੌਰਾਨ ਫਾਇਰ ਦੀ ਅਵਾਜ਼ ਨਾਲ ਲੋਕ ਇੱਕਠੇ ਹੋ ਗਏ ਤੇ ਉਹ ਮੌਕੇ ਤੋਂ ਫਰਾਰ ਹੋ ਗਏ।