ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੁਲਾਈ
ਇੱਥੇ ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਪੰਜ ਖ਼ਿਲਾਫ਼ ਧੋਖਾਧੜੀ ਦੇ ਕੇਸ ਦਰਜ ਕੀਤੇ ਗਏ ਹਨ।
ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਪਿੰਡ ਦੌਧਰ ਕਰਕੀ ਜ਼ਿਲ੍ਹਾ ਮੋਗਾ ਵਾਸੀ ਅਰਸ਼ਦੀਪ ਸਿੰਘ ਨੇ ਦੱਸਿਆ ਹੈ ਕਿ ਅਮਨਦੀਪ ਸਿੰਘ ਵਾਸੀ ਨਿਊ ਅਮਰ ਨਗਰ ਅਤੇ ਹਰਪ੍ਰੀਤ ਸਿੰਘ ਵਾਸੀ ਡੈਲਟਾ ਸਿਟੀ ਨੇ ਉਸ ਨੂੰ ਸਟੱਡੀ ਵੀਜ਼ਾ ’ਤੇ ਸਪੇਨ ਭੇਜਣ ਦਾ ਝਾਂਸਾ ਦੇ ਕਿ ਉਸ ਪਾਸੋਂ 5 ਲੱਖ 25 ਹਜ਼ਾਰ ਰੁਪਏ ਹਾਸਲ ਕਰ ਲਏ। ਉਨ੍ਹਾਂ ਨੇ ਨਾਂ ਤਾਂ ਉਸ ਨੂੰ ਸਪੇਨ ਭੇਜਿਆ ਅਤੇ ਨਾਂ ਹੀ ਉਸ ਦੇ ਪੈਸੇ ਵਾਪਸ ਕੀਤੇ। ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਦੋਹਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਜਗਜੀਤ ਸਿੰਘ ਨੇ ਦੱਸਿਆ ਹੈ ਕਿ ਗਲੀ ਨੰਬਰ 1 ਮੁਹੱਲਾ ਪ੍ਰਤਾਪ ਕਲੋਨੀ 33 ਫੁੱਟਾ ਰੋਡ ਮੁੰਡੀਆਂ ਕਲਾਂ ਵਾਸੀ ਨਿਹਾਲ ਸਿੰਘ, ਉਸ ਦੀ ਪਤਨੀ ਹਰਪਾਲ ਕੌਰ ਅਤੇ ਲੜਕੇ ਮਨਿੰਦਰ ਸਿੰਘ ਨੇ ਉਸ ਦੇ ਲੜਕੇ ਪਲਵਿੰਦਰਜੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 3 ਲੱਖ ਰੁਪਏ ਹਾਸਲ ਕਰ ਲਏ। ਉਸ ਵੱਲੋਂ ਲੜਕੇ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਨਾਂ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ ਹਨ। ਥਾਣੇਦਾਰ ਮਨਪ੍ਰੀਤ ਕੌਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।