ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 5 ਜੂਨ
ਪਿੰਡ ਢੋਲਣ ਦੀ ਇੱਕ ਔਰਤ ਦੀ ਸ਼ਿਕਾਇਤ ’ਤੇ ਪੁਲੀਸ ਨੇ ਚਾਰ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੀੜਤ ਕਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਪਿੰਡ ਢੋਲਣ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨਾਲ ਫਰਵਰੀ 2020 ’ਚ ਹੋਇਆ ਸੀ।
ਪੀੜਤ ਅਨੁਸਾਰ ਉਸ ਦੇ ਮਾਪਿਆਂ ਨੇ ਵਿਆਹ ਸਮੇਂ ਉਸ ਦੇ ਸਹੁਰੇ ਪਰਿਵਾਰ ਨੂੰ 7 ਤੋਲੇ ਸੋਨਾ ਪਾਇਆ ਸੀ। ਪੀੜਤ ਨੇ ਦੱਸਿਆ ਕਿ ਕੈਨੇਡਾ ਰਹਿੰਦੀ ਉਸ ਦੀ ਨਣਦ ਨੇ ਉਸ ਦੇ ਪਤੀ, ਸੱਸ ਤੇ ਸਹੁਰੇ ਨੂੰ ਕਿਹਾ ਸੀ ਕਿ ਉਹ ਕਰਮਜੀਤ ਕੌਰ ਅਤੇ ਪਰਮਿੰਦਰ ਸਿੰਘ ਨੂੰ ਕੈਨੇਡਾ ਲੈ ਕੇ ਜਾਵੇਗੀ।
ਪੀੜਤ ਨੇ ਦੋਸ਼ ਲਗਾਇਆ ਕਿ ਪਰਮਿੰਦਰ ਸਿੰਘ ਨੇ ਉਸ ਉਪਰ ਪੇਕਿਆਂ ਤੋਂ ਪੈਸੇ ਲਿਆਉਣ ਲਈ ਜ਼ੋਰ ਪਾਇਆ ਅਤੇ ਉਸ ਦੇ ਪਿਤਾ ਨੇ ਆਪਣੀ ਜ਼ਮੀਨ ਵੇਚ ਕੇ 16 ਲੱਖ ਰੁਪਏ ਦੇ ਦਿੱਤੇ ਅਤੇ 7 ਤੋਲੇ ਸੋਨਾ ਵੀ ਉਨ੍ਹਾਂ ਨੇ ਉਸ ਤੋਂ ਲੈ ਲਿਆ। ਉਸ ਨੇ ਕਿਹਾ ਕਿ ਸਾਰਾ ਕੁੱਝ ਹੜੱਪਣ ਮਗਰੋਂ ਪਰਮਿੰਦਰ ਸਿੰਘ, ਸਹੁਰਾ ਰਾਮ ਸਿੰਘ, ਸੱਸ ਜਸਮਿੰਦਰ ਕੌਰ ਅਤੇ ਉਨ੍ਹਾਂ ਦਾ ਇੱਕ ਹੋਰ ਸਾਥੀ ਜਸਪਾਲ ਸਿੰਘ ਕਾਕਾ ਵਾਸੀ ਜੱਸੋਮਾਜਰਾ (ਪਟਿਆਲਾ) ਉਸ ਨੂੰ ਕੈਨੇਡਾ ਲਿਜਾਣ ਤੋਂ ਮੁੱਕਰ ਗਏ। ਪੁਲੀਸ ਥਾਣਾ ਸਦਰ ਦੇ ਸਬ-ਇੰਸਪੈਕਟਰ ਨੰਦ ਲਾਲ ਨੇ ਚਾਰਾਂ ਖਿਲਾਫ ਧੋਖਾਧੜੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।