ਡੀਪੀਐੱਸ ਬੱਤਰਾ
ਸਮਰਾਲਾ, 9 ਜਨਵਰੀ
ਪੁਲੀਸ ਨੇ ਇਕ ਵਿਅਕਤੀ ਖਿਲਾਫ਼ ਆਪਣੀ ਜਿਊਂਦੀ ਪਤਨੀ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ, ਪਰ ਪੁਲੀਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਇਥੋਂ ਦੇ ਇਕ ਸਾਬਕਾ ਕੌਂਸਲਰ ਖਿਲਾਫ਼ ਸ਼ਹਿਰ ਦੇ ਹੀ ਇਕ ਵਿਅਕਤੀ ਨੇ ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਕਿ ਕੌਂਸਲਰ ਨੇ ਆਪਣੀ ਪਤਨੀ ਦੇ ਨਾਂ ’ਤੇ ਚੱਲਦੀ ਫਰਮ ਦਾ ਚੈੱਕ ਫੇਲ੍ਹ ਹੋ ਜਾਣ ’ਤੇ ਅਦਾਲਤ ਵਿੱਚ ਚਲਦੇ ਕੇਸ ਦਰਮਿਆਨ ਆਪਣੀ ਪਤਨੀ ਦਾ ਜਾਅਲੀ ਤੌਰ ’ਤੇ ਤਿਆਰ ਕਰਵਾਇਆ ਮੌਤ ਦਾ ਸਰਟੀਫਿਕੇਟ ਪੇਸ਼ ਕਰਕੇ ਅਦਾਲਤ ਨੂੰ ਗੁੰਮਰਾਹ ਕੀਤਾ ਹੈ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਸਾਲ 2016 ਵਿੱਚ ਕੌਂਸਲਰ ਨੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਨਗਰ ਕੌਂਸਲ ਸਮਰਾਲਾ ਦੇ ਮੌਤ ਅਤੇ ਜਨਮ ਰਜਿਸਟਰ ਵਿੱਚ ਆਪਣੀ ਪਤਨੀ ਦੀ ਮੌਤ ਹੋਣ ਦੀ ਝੂਠੀ ਐਂਟਰੀ ਦਰਜ ਕਰਵਾ ਕੇ ਮੌਤ ਦਾ ਸਰਟੀਫਿਕੇਟ ਜਾਰੀ ਕਰਵਾ ਲਿਆ। ਪਤਨੀ ਦੀ ਮੌਤ ਦੇ ਸਰਟੀਫਿਕੇਟ ਨੂੰ ਕਰਨਾਲ ਅਦਾਲਤ ਵਿੱਚ ਚੈੱਕ ਬਾਊਂਸ ਦੇ ਚੱਲ ਰਹੇ ਕੇਸ ਵਿੱਚ ਪੇਸ਼ ਕਰਕੇ ਉਥੋਂ ਕੇਸ ਖਾਰਜ ਕਰਵਾ ਲਿਆ। ਸਾਬਕਾ ਕੌਂਸਲਰ ਦੀ ਪਤਨੀ ਅੱਜ ਵੀ ਜਿਊਂਦੀ ਹੈ। ਪੁਲੀਸ ਨੇ ਪੜਤਾਲ ਮਗਰੋਂ ਵਕੇਸ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੈਫਟੀਨੈਂਟ ਦੱਸ ਕੇ ਮਾਰੀ ਠੱਗੀ
ਜਗਰਾਉਂ (ਪੱਤਰ ਪ੍ਰੇਰਕ): ਪੁਲੀਸ ਥਾਣਾ ਸਿੱਧਵਾਂ ਬੇਟ ਦੇ ਪਿੰਡ ਅੱਕੂਵਾਲ ਨਾਲ ਸਬੰਧਤ ਲੋੜਵੰਦ ਭੋਲੇ ਭਾਲੇ ਪਰਿਵਾਰ ਨਾਲ ਭਰਤੀ ਕਰਵਾਉਣ ਦੀ ਆੜ ਵਿੱਚ 8 ਲੱਖ ਦੀ ਠੱਗੀ ਮਾਰਨ ਦਾ ਕੇਸ ਦਰਜ ਕੀਤਾ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਪਰਮਜੀਤ ਸਿੰਘ ਨੇ ਉਸ ਨਾਲ ਉਸ ਦੇ ਲੜਕੇ ਨੂੰ ਪੁਲੀਸ ਵਿੱਚ ਭਰਤੀ ਕਰਵਾਉਣ ਦੇ ਨਾਮ ’ਤੇ 8 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਮਾਮਲੇ ਦੀ ਤਹਿਕੀਕਾਤ ਡੀਐੱਸਪੀ(ਡੀ) ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਕੀਤੀ । ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਰਮਜੀਤ ਸਿੰਘ ਆਪਣੇ ਆਪ ਨੂੰ ਫੌਜ ਦਾ ਲੈਫਟੀਨੈਂਟ ਦੱਸ ਰਿਹਾ ਹੈ। ਉਸ ਨੇ ਸੁਰਜੀਤ ਸਿੰਘ ਨਾਲ ਉਸ ਦੇ ਲੜਕੇ ਨੂੰ ਏਐਸਆਈ ਭਰਤੀ ਕਰਵਾਉਣ ਲਈ 8 ਲੱਖ ਰੁਪਏ ਲਏ ਨਾ ਤਾਂ ਲੜਕੇ ਨੂੰ ਭਰਤੀ ਕਰਵਾਇਆ ਤੇ ਨਾ ਹੀ ਪੈਸੇ ਵਾਪਸ ਕੀਤੇ । ਪੁਲੀਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਚਾਰ ਕਿੱਲੋ ਅਫ਼ੀਮ ਸਣੇ ਤਿੰਨ ਤਸਕਰ ਕਾਬੂ
ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਦਾਖਾ ਦੀ ਪੁਲੀਸ ਵੱਲੋਂ 3 ਤਸਕਰਾਂ ਨੂੰ 4 ਕਿੱਲੋ ਅਫ਼ੀਮ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਵਿਚ 21 ਸਾਲਾ ਆਬਿਦ ਹੁਸੈਨ ਵਾਸੀ ਅਰੋਹ ਜ਼ਿਲ੍ਹਾ ਨਬਾਦਾ (ਬਿਹਾਰ) ਹਾਲ ਵਾਸੀ ਸੁਧਾਰ ਬਜ਼ਾਰ, ਬਲਵਿੰਦਰ ਸਿੰਘ ਉਰਫ਼ ਹੈਪੀ ਅਤੇ ਸੁਖਵਿੰਦਰ ਸਿੰਘ ਉਰਫ਼ ਰਾਜੂ ਵਾਸੀਆਨ ਕੋਠੇ ਸ਼ੇਰ ਜੰਗ (ਜਗਰਾਉਂ) ਸ਼ਾਮਲ ਹਨ। ਥਾਣਾ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ ਤੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਰਕਬਾ ਚੌਕ ਵਿਚ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਕੋਲੋਂ ਪਿੱਠੂ ਬੈਗ ਵਿਚ ਲਿਜਾਈ ਜਾ ਰਹੀ ਅਫ਼ੀਮ ਬਰਾਮਦ ਹੋਈ। ਜਾਂਚ ਅਫ਼ਸਰ ਥਾਣੇਦਾਰ ਜਗਦੀਸ਼ ਸਿੰਘ ਅਨੁਸਾਰ ਮੁਲਜ਼ਮਾਂ ਦਾ ਰਿਮਾਂਡ ਹਾਸਲ ਲਿਆ ਜਾਵੇਗਾ।