ਸੰਤੋਖ ਗਿੱਲ
ਗੁਰੂਸਰ ਸੁਧਾਰ, 13 ਮਈ
ਹਲਕਾ ਦਾਖਾ ਦੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਪੋਲਿੰਗ ਏਜੰਟ ਰਹੇ ਅਕਾਲੀ ਵਰਕਰ ਅਤੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਦੇ ਸਾਬਕਾ ਪ੍ਰਧਾਨ ਜੁਗਰਾਜ ਸਿੰਘ ’ਤੇ ਗੁਰੂਘਰ ਦੇ ਅੰਦਰ ਇੱਕ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਗੰਭੀਰ ਸ਼ਿਕਾਇਤ ਮਿਲੀ ਹੈ। ਸ਼ਿਕਾਹਿਤ ਮਿਲਣ ਤੋਂ ਬਾਅਦ ਥਾਣਾ ਸੁਧਾਰ ਦੀ ਪੁਲੀਸ ਨੇ ਜੁਗਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸੁਧਾਰ ਦੇ ਮੁਖੀ ਜਸਵੀਰ ਸਿੰਘ ਬੁੱਟਰ ਅਨੁਸਾਰ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਦੀ ਸ਼ਿਕਾਇਤ ਉੱਪਰ ਮੁਲਜ਼ਮ ਜੁਗਰਾਜ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 295 ਅਤੇ 354 ਅਧੀਨ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਇਕ ਹਫ਼ਤੇ ਤੋਂ ਸੋਸ਼ਲ ਮੀਡੀਆ ’ਤੇ ਗੁਰਦੁਆਰੇ ਦੇ ਸੀਸੀਟੀਵੀ ਕੈਮਰਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਸੀ। ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਬਲਜੀਤ ਸਿੰਘ ਅਨੁਸਾਰ ਮੁਲਜ਼ਮ ਨੂੰ ਧਾਰਮਿਕ ਸਜ਼ਾ ਭੁਗਤਣ ਲਈ ਪੂਰਾ ਮੌਕਾ ਦਿੱਤਾ ਗਿਆ ਸੀ, ਪਰ ਉਹ ਕਮੇਟੀ ਸਾਹਮਣੇ ਪੇਸ਼ ਹੀ ਨਹੀਂ ਹੋਇਆ। ਉਨ੍ਹਾਂ ਘਟਨਾ ਬਾਰੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਸਾਬਕਾ ਪ੍ਰਧਾਨ ਜੁਗਰਾਜ ਸਿੰਘ ਕਾਫ਼ੀ ਅਰਸੇ ਤੋਂ ਗੁਰੂਘਰ ਵਿਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਦਾ ਕਾਰਜ ਕਰ ਰਿਹਾ ਸੀ। ਪਿੰਡ ਦੇ ਕਈ ਬੱਚੇ ਧਾਰਮਿਕ ਸਿੱਖਿਆ ਲੈਣ ਲਈ ਗੁਰੂਘਰ ਵਿਚ ਆਉਂਦੇ ਸਨ, ਜਿਨ੍ਹਾਂ ਵਿਚ ਇਕ 17 ਕੁ ਸਾਲਾਂ ਦੀ ਬੱਚੀ ਵੀ ਸ਼ਾਮਲ ਸੀ। ਲੜਕੀ ਦੇ ਗੁਰੂਘਰ ਆਉਣ ਸਮੇਂ ਕਮਰਾ ਬੰਦ ਕਰਨ ਦੀਆਂ ਸ਼ਿਕਾਇਤਾਂ ਮਿਲਣ ਬਾਅਦ ਕਮੇਟੀ ਨੇ ਸੀਸੀਟੀਵੀ ਕੈਮਰੇ ਲਗਵਾ ਦਿੱਤੇ ਸਨ। ਕੈਮਰੇ ਲਗਵਾਉਣ ਤੋਂ ਬਾਅਦ ਇਸ ਵਿੱਚ ਜੁਗਰਾਜ ਸਿੰਘ ਵੱਲੋਂ ਗਲਤ ਹਰਕਤਾਂ ਕਰਨ ਦੀ ਘਟਨਾ ਕੈਮਰਿਆਂ ਵਿੱਚ ਕੈਦ ਹੋ ਗਈ ਸੀ। ਕੁਝ ਪੰਥਕ ਜਥੇਬੰਦੀਆਂ ਵੀ ਇਸ ਮਾਮਲੇ ਵਿਚ ਆਈਆਂ ਸਨ, ਪਰ ਕਮੇਟੀ ਨੇ ਖ਼ੁਦ ਹੀ ਉਸ ਵਿਰੁੱਧ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਸੀ। ਇਸ ਬਾਰੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਜੁਗਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਹੁਦੇਦਾਰ ਨਹੀਂ ਸੀ, ਪਿੰਡ ਦੀ ਇਕਾਈ ਨੇ ਉਸ ਨੂੰ ਚੋਣ ਸਮੇਂ ਗੁਰੂਘਰ ਦਾ ਪ੍ਰਧਾਨ ਹੋਣ ਦੇ ਨਾਤੇ ਪੋਲਿੰਗ ਏਜੰਟ ਬਣਾਇਆ ਹੋਵੇਗਾ। ਉਨ੍ਹਾਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।