ਪੱਤਰ ਪ੍ਰੇਰਕ
ਜਗਰਾਉਂ, 20 ਦਸੰਬਰ
ਬੀਤੇ ਕੱਲ੍ਹ ਪਿੰਡ ਸਿੱਧਵਾਂ ਖੁਰਦ ਵਿੱਚ ਖੇਤ ਮੋਟਰ ’ਤੇ ਰਣਧੀਰ ਸਿੰਘ ਉਰਫ ਧੀਰਾ ਜੋ ਕਿ ਮੱਝਾਂ ਦਾ ਵਪਾਰੀ ਸੀ, ਦੇ ਹੋਏ ਕਤਲ ਮਾਮਲੇ ਵਿੱਚ ਥਾਣਾ ਸਦਰ ਦੀ ਪੁਲੀਸ ਨੇ ਮ੍ਰਿਤਕ ਦੇ ਦੋਸਤ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇੰਸਪੈਕਟਰ ਰਮਨ ਕੁਮਾਰ ਅਨੁਸਾਰ ਮ੍ਰਿਤਕ ਰਣਧੀਰ ਸਿੰਘ ਦੇ ਭਰਾ ਸਤਪਾਲ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੇ ਪਿਛਲੇ ਸਮੇਂ ਤੋਂ ਨਾਲ ਰਹਿੰਦੇ ਜਗਤਾਰ ਸਿੰਘ ਸੈਕਟਰੀ ਵਾਸੀ ਪਿੰਡ ਚਚਰਾੜੀ ਖਿਲਾਫ ਮਾਮਲਾ ਦਰਜ ਕੀਤਾ ਹੈ। ਸਤਪਾਲ ਸਿੰਘ ਅਨੁਸਾਰ ਰਣਧੀਰ ਸਿੰਘ ਦੇ ਕਤਲ ਵਾਲੇ ਦਿਨ ਜਗਤਾਰ ਸਿੰਘ ਉਸ ਦੇ ਨਾਲ ਸੀ, ਜਿਸ ਨੂੰ ਕਤਲ ਕਰਨ ਵਾਲੇ ਮੁਲਜ਼ਮਾਂ ਬਾਰੇ ਪਤਾ ਹੈ। ਇਸ ਦੌਰਾਨ ਪੁਲੀਸ ਅਧਿਕਾਰੀ ਰਮਨ ਕੁਮਾਰ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ’ਚ ਜੁੱਟੀ ਹੋਈ ਹੈ ਅਤੇ ਜਲਦੀ ਚੰਗੇ ਨਤੀਜੇ ਮਿਲਣ ਦੀ ਆਸ ਹੈ।