ਪੱਤਰ ਪ੍ਰੇਰਕ
ਜਗਰਾਉਂ, 23 ਅਪਰੈਲ
ਜ਼ਮੀਨ ਦਾ ਬਿਆਨਾ ਕਰ ਕੇ ਰਜਿਸਟਰੀ ਕਰਵਾਉਣ ਤੋਂ ਮੁਕਰਨ ਅਤੇ 6 ਲੱਖ ਦੀ ਠੱਗੀ ਮਾਰਨ ਵਾਲੇ ਖ਼ਿਲਾਫ਼ ਸਥਾਨਕ ਪੁਲੀਸ ਨੇ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਜਗਦੀਸ਼ ਸਿੰਘ ਨੇ ਦੱਸਿਆ ਕਿ ਮਹਿੰਦਰਪਾਲ ਸਿੰਘ ਵਾਸੀ ਪਿੰਡ ਬਸੈਮੀ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕਰਦਿਆਂ ਦੱਸਿਆ ਕਿ ਪਿੰਡ ਰਕਬਾ ਦੇ ਵਸਨੀਕ ਗੁਰਮੇਲ ਸਿੰਘ ਨੇ ਆਪਣੀ ਜ਼ਮੀਨ ਵੇਚਣ ਲਈ ਮਹਿੰਦਰਪਾਲ ਸਿੰਘ ਨਾਲ ਲਿਖਤੀ ਇਕਰਾਰਨਾਮਾ ਕੀਤਾ ਸੀ। ਬਿਆਨੇ ਵਜੋਂ 6 ਲੱਖ ਰੁਪਏ ਲਏ ਸਨ। ਇਕਰਾਰਨਾਮੇ ਅਨੁਸਾਰ ਜਦੋਂ ਜ਼ਮੀਨ ਦੀ ਪੱਕੀ ਰਜਿਸਟਰੀ ਕਰਵਾਉਣ ਦਾ ਸਮਾਂ ਆਇਆ ਤਾਂ ਉਹ ਮੁੱਕਰ ਗਿਆ। ਪੰਚਾਇਤਾਂ ਅਤੇ ਮੋਹਤਬਾਰਾਂ ਦੇ ਯਤਨ ਅਸਫ਼ਲ ਹੋਣ ਉਪਰੰਤ ਮਹਿੰਦਰਪਾਲ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਮਹਿੰਦਰਪਾਲ ਨੇ ਦੱਸਿਆ ਕਿ ਇਕਰਾਰਨਾਮੇ ਅਨੁਸਾਰ ਗੁਰਮੇਲ ਸਿੰਘ ਨੇ 6 ਲੱਖ ਦੀ ਥਾਂ ਦੋਗੁਣੇ ਰੁਪਏ ਵਾਪਸ ਕਰਨੇ ਸਨ ਪਰ ਤਰਾਸਦੀ ਇਹ ਰਹੀ ਕਿ ਉਹ 6 ਲੱਖ ਤੋਂ ਵੀ ਪੱਲਾ ਝਾੜ ਗਿਆ ਹੈ। ਡੀਐਸਪੀ ਦਾਖਾ ਵੱਲੋਂ ਮਾਮਲੇ ਦੀ ਪੜਤਾਲ ਮਗਰੋਂ ਗੁਰਮੇਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।