ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜੁਲਾਈ
ਕੁੱਟਮਾਰ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ ਛੇ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਸ਼ਰੀਂਹ ਵਾਸੀ ਅਸ਼ਰਫ ਫਲ ਇਸਲਾਮ ਮਲਿਕ, ਇੰਚਾਰਜ ਸੇਫਟੀ ਸਕਿਉਰਿਟੀ ਮਹਿੰਦਰਾ ਲਾਜਿਸਟਿਕ ਲਿਮਟਿਡ ਵੇਅਰ ਹਾਊਸ ਨੇ ਦੱਸਿਆ ਕਿ ਉਹ ਮਹਿੰਦਰਾ ਲਿਮਟਿਡ ਕੰਪਨੀ ਦੇ ਵੇਅਰ ਹਾਊਸ ਰਾੜਾ ਸਾਹਿਬ ਰੋਡ ਪਿੰਡ ਸਰੀਂਹ ਵਿੱਚ ਬਤੌਰ ਸਕਿਉਰਿਟੀ ਇੰਚਾਰਜ ਨੌਕਰੀ ਕਰਦਾ ਹੈ। ਉਹ ਡਿਊਟੀ ਖ਼ਤਮ ਕਰਕੇ ਆਪਣੇ ਸਕਿਉਰਿਟੀ ਗਾਰਡ ਜੌਹਲ ਨਾਲ ਉਸਦੇ ਮੋਟਰਸਾਈਕਲ ’ਤੇ ਆਪਣੇ ਕਮਰੇ ਪਿੰਡ ਸਰੀਂਹ ਪਾਸ ਪੁੱਜਾ ਤਾਂ ਕੁੱਝ ਲੋਕਾਂ ਨੇ ਉਨ੍ਹਾਂ ਉਪਰ ਹਮਲਾ ਕਰ ਕੇ ਕੁੱ ਮਾਰ ਕੀਤੀ। ਰੌਲਾ ਪਾਉਣ ’ਤੇ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਫ਼ਰਾਰ ਹੋ ਗਏ। ਉਸਨੇ ਦੱਸਿਆ ਕਿ ਇਸਦੀ ਵਜਾ ਰੰਜਿਸ਼ ਹੈ ਕਿ ਕੁੱਝ ਦਿਨ ਪਹਿਲਾਂ ਜਸਕਰਨ ਸਿੰਘ ਨੇ ਸਕਿਉਰਿਟੀ ਗਾਰਡ ਨਾਲ ਚੈਕਿੰਗ ਕਰਦੇ ਸਮੇਂ ਬਦਤਮੀਜ਼ੀ ਕੀਤੀ ਸੀ ਤੇ ਉਸ ਨੂੰ ਵੀ ਬੁਰਾ ਭਲਾ ਬੋਲਿਆ ਸੀ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜਸਕਰਨ ਸਿੰਘ, ਖੁਸ਼ਕਰਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਾਸੀਆਨ ਪਿੰਡ ਰਾਮਪੁਰ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਪਿੰਡ ਧਰੋੜ ਵਾਸੀ ਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਕੂਟਰੀ ’ਤੇ ਖੇਤਾਂ ਵੱਲੋਂ ਘਰ ਆ ਰਿਹਾ ਸੀ ਕਿ ਬਲਜੀਤ ਸਿੰਘ ਦੇ ਘਰ ਕੋਲ ਕੁੱਝ ਲੋਕਾਂ ਨੇ ਉਸ ਨੂੰ ਘੇਰ ਕੇ ਡੰਡੇ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸਦੀ ਗੋਡੇ ਦੀ ਚੱਪਣੀ ਟੁੱਟ ਗਈ। ਉਸ ਵੱਲੋਂ ਰੌਲਾ ਪਾਉਣ ’ਤੇ ਕਰਮਜੋਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਥਾਣੇਦਾਰ ਸਾਧੂ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।