ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜੂਨ
ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਪੱਛਮੀ ਦੀ ਸ਼ਿਕਾਇਤ ’ਤੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੇ ਸੁਰਿੰਦਰਪਾਲ ਸਿੰਘ ਵਾਸੀ ਹਰੀ ਕਰਤਾਰ ਕਲੋਨੀ ਅਤੇ ਮਲਵਿੰਦਰ ਸਿੰਘ ਵਾਸੀ ਪਿੰਡ ਗੁੜ੍ਹੇ (ਜਗਰਾਉਂ) ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਉਨ੍ਹਾਂ ’ਤੇ ਬੀਐੱਸਐੱਨਐੱਲ ਸਹਿਕਾਰੀ ਸਭਾ ਦੇ ਖਾਤੇ ਵਿੱਚੋਂ ਲੱਖਾਂ ਰੁਪਏ ਦੀ ਰਕਮ ਖੁਰਦ ਬੁਰਦ ਕਰਨ ਦਾ ਦੋਸ਼ ਹੈ। ਇਸ ਸਬੰਧੀ ਥਾਣੇਦਾਰ ਸੁਖਪਾਲ ਸਿੰਘ ਮੁਤਾਬਿਕ ਸਹਾਇਕ ਰਜਿਸਟਰਾਰ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਬੀਐੱਸਐੱਨਐੱਲ ਸਹਿਕਾਰੀ ਟੀਸੀ ਸਭਾ ਭਾਰਤ ਨਗਰ ਟੈਲੀਫੋਨ ਐਕਸਚੇਂਜ ਦੀ ਮਿਆਦ 27 ਫਰਵਰੀ 2021 ਨੂੰ ਖ਼ਤਮ ਹੋ ਗਈ ਸੀ ਅਤੇ 1 ਮਾਰਚ 2021 ਨੂੰ ਹੋਈ ਚੋਣ ਸਬੰਧੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੁਸਾਇਟੀ ਦੇ ਸਾਬਕਾ ਸਕੱਤਰ ਸੁਰਿੰਦਰਪਾਲ ਸਿੰਘ ਨੇ ਕਮੇਟੀ ਮੈਂਬਰ ਮਲਵਿੰਦਰ ਸਿੰਘ ਨਾਲ ਰਲਕੇ ਸੁਸਾਇਟੀ ਦੇ ਖਾਤੇ ਵਿਚੋਂ ਬਿਨਾਂ ਕਿਸੇ ਆਗਿਆ ਦੇ 31 ਲੱਖ 94 ਹਜ਼ਾਰ ਰੁਪਏ ਦੀ ਰਕਮ ਕਢਵਾ ਲਈ। ਉਨ੍ਹਾਂ ਦੱਸਿਆ ਕਿ ਦੋਹਾਂ ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਰੀਜਨ ਫੋਰ ਮਧੂਤ ਫਿਨਕਰੈਪ ਦੇ ਮੈਨੇਜਰ ਸੰਤਪ੍ਰੀਤ ਸਿੰਘ ਨੇ ਸ਼ਿਕਾਇਤ ਕੀਤੀ ਹੈ ਕਿ ਕਿਦਵਾਈ ਨਗਰ ਵਾਸੀ ਦਿਨੇਸ਼ਨ ਕੇਵੀ ਉਨ੍ਹਾਂ ਦੀ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਨੇ ਕੰਪਨੀ ਦੇ ਗਾਹਕਾਂ ਰਾਜਿੰਦਰ ਕੁਮਾਰ, ਦਵਿੰਦਰ ਕੁਮਾਰ ਵਰਮਾ ਅਤੇ ਦਵਿੰਦਰ ਕੌਰ ਪਾਸੋਂ 8 ਲੱਖ 50 ਹਜ਼ਾਰ ਰੁਪਏ ਦੀ ਰਕਮ ਲੈ ਕੇ ਕੰਪਨੀ ਦੇ ਖਾਤੇ ਵਿੱਚ ਜਮ੍ਹਾਂ ਕਰਾਉਣ ਦੀ ਥਾਂ ਨਿੱਜੀ ਤੌਰ ’ਤੇ ਵਰਤ ਲਈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤਫਤੀਸ਼ ਦੌਰਾਨ ਦਿਨੇਸ਼ਨ ਕੇਵੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ।