ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਫਰਵਰੀ
ਲਾਡੋਵਾਲ ਪੁਲੀਸ ਨੇ ਹਰਜੀਤ ਸਿੰਘ ਵਾਸੀ ਸ਼ਿਮਲਾਪੁਰੀ ਨੂੰ ਇੱਕ ਮੰਦਰ ਦੀ ਗੋਲਕ ਤੋੜਕੇ ਨਕਦੀ ਚੋਰੀ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਰਜੇਸ਼ ਕੁਮਾਰ ਸ਼ੁਕਲਾ ਸੇਵਾਦਾਰ ਦੁਰਗਿਆਨਾ ਮੰਦਰ ਲਾਡੋਵਾਲ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਮੰਦਰ ਅੰਦਰ ਬਣੀ ਰਿਹਾਇਸ਼ ਵਿੱਚ ਸੌਂ ਰਿਹਾ ਸੀ। ਤੜਕੇ ਜਦੋਂ ਉਹ ਉੱਠਿਆ ਤਾਂ ਦੇਖਿਆ ਕਿ ਮੰਦਰ ਅੰਦਰੋਂ ਆਵਾਜ਼ ਆ ਰਹੀ ਸੀ। ਜਦੋਂ ਉਹ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਹਰਜੀਤ ਸਿੰਘ ਮੰਦਰ ਦੀ ਗੋਲਕ ਤੋੜ ਕੇ ਪੈਸੇ ਕੱਢ ਰਿਹਾ ਸੀ। ਉਸ ਨੇ ਤੁਰੰਤ ਬਾਹਰ ਆ ਕੇ ਰੌਲਾ ਪਾਇਆ ਅਤੇ ਲੋਕਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ। ਜਾਂਚ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ 360 ਰੁਪਏ, ਲੋਹੇ ਦੀ ਰਾਡ ਅਤੇ ਇਕ ਤ੍ਰਿਸ਼ੂਲ ਬਰਾਮਦ ਕੀਤਾ ਹੈ।