ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਗਸਤ
ਹੁਣ ਸਮਾਰਟ ਸਿਟੀ ਦਾ ਟਰੈਫਿਕ, ਕਾਨੂੰਨ ਵਿਵਸਥਾ, ਐੱਲਈਡੀ ਲਾਈਟਾਂ, ਐੱਸਟੀਪੀ, ਨਾਕਾਬੰਦੀ, ਪ੍ਰਦੂਸ਼ਣ ਦਾ ਪੱਧਰ, ਵਾਹਨ ਟ੍ਰੈਕਿੰਗ ਦਾ ਸਿਸਟਮ ਸੀਸੀਟੀਵੀ ਕੈਮਰਿਆਂ ਰਾਹੀਂ ਕੰਟਰੋਲ ਕੀਤਾ ਜਾਵੇਗਾ। ਸੂਬੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਅੱਜ ਲੁਧਿਆਣਾ ਵਿੱਚ ਪੰਜਾਬ ਦਾ ਪਹਿਲਾ ਹਾਈਟੈੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ ਗਿਆ, ਜਿਸ ਦੇ ਤਹਿਤ ਸ਼ਹਿਰ ਵਿੱਚ 1401 ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਇਹ ਕੇਂਦਰ ਸ਼ਹਿਰ ਦੀ ਵਿਆਪਕ ਨਿਗਰਾਨੀ ਲਈ 3596 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਹੈ ਅਤੇ ਨਗਰ ਨਿਗਮ ਦੇ ਜੋਨ-ਡੀ ਦਫ਼ਤਰ ਤੋਂ ਇਸਦਾ ਸੰਚਾਲਨ ਕੀਤਾ ਜਾਵੇਗਾ। ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਰਾਹੀਂ ਟ੍ਰੈਫਿਕ, ਕਾਨੂੰਨ ਵਿਵਸਥਾ, ਐੱਲਈਡੀ ਲਾਈਟਾਂ ਦੀ ਨਿਗਰਾਨੀ, ਐੱਸਟੀਪੀ, ਸੀਈਟੀਪੀ, ਛੱਤ ਵਾਲੇ ਸੋਲਰ ਪੈਨਲ, ਨਾਜਾਇਜ਼ ਕਬਜ਼ੇ ਅਤੇ ਨਗਰ ਨਿਗਮ ਦੇ ਮਾਲੀਆ ਉਗਰਾਹੀ ਦੀ ਨਿਗਰਾਨੀ ਵਿੱਚ ਸਹਾਈ ਸਿੱਧ ਹੋਵੇਗਾ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ, ਵਾਟਰ ਐਂਡ ਸੀਵਰੇਜ, ਡਿਸਪੋਜ਼ਲ, ਪਾਲਤੂ ਜਾਨਵਰਾਂ ਦੀ ਰਜਿਸਟ੍ਰੇਸ਼ਨ, ਮੁਲਾਂਕਣ ਅਤੇ ਫ਼ੈਸਲੇ ਲੈਣ, ਸੀਪੀਸੀਬੀ ਅਤੇ ਪੀਪੀਸੀਬੀ ਤੋਂ ਪ੍ਰਾਪਤ ਡੇਟਾ ਨਾਲ ਹਵਾ ਦੀ ਗੁਣਵੱਤਾ ਨੂੰ ਮਾਪਣ, ਠੋਸ ਰਹਿੰਦ-ਖੂੰਹਦ ਵਾਲੇ ਟਰੱਕਾਂ, ਨਗਰ ਨਿਗਮ ਦੇ ਵਾਹਨਾਂ ਦੀ ਨਿਗਰਾਨੀ ਲਈ ਵਾਹਨ ਟਰੈਕਿੰਗ ਸਿਸਟਮ (ਜੀਪੀਐੱਸ), ਸਿਟੀ ਬੱਸ ਸੇਵਾਵਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸ਼ਹਿਰ ਵਿੱਚ 300 ਹੋਰ ਕੈਮਰੇ ਵੀ ਲਗਾਏ ਜਾ ਰਹੇ ਹਨ ਜੋ ਕਿ ਆਈਸੀਸੀ ਸੈਂਟਰ ਨਾਲ ਜੁੜੇ ਹੋਣਗੇ। ਇਹ ਨਵੇਂ ਕੈਮਰੇ ਸੈਕੰਡਰੀ ਪੁਆਇੰਟਾਂ ਤੋਂ ਕੂੜਾ ਇਕੱਠਾ ਕਰਨ ਵਾਲੇ, ਬੁੱਢੇ ਨਾਲੇ ਦੇ ਕੰਪੈਕਟਰ, ਆਵਾਰਾ ਪਸ਼ੂ, ਮਾਲੀਆ ਉਗਰਾਹੀ ਜਿਵੇਂ ਕਿ ਜੀਆਈਐੱਸ ਨਕਸ਼ਿਆਂ ਨਾਲ ਏਕੀਕਰਨ ਤੋਂ ਬਾਅਦ ਯੂਆਈਡੀ ਨੰਬਰ ਪਲੇਟਾਂ ਨੂੰ ਲਾਗੂ ਕਰਨ ਤੋਂ ਬਾਅਦ ਪ੍ਰਾਪਰਟੀ ਟੈਕਸ ਅਤੇ ਪਾਣੀ ਦੇ ਟੈਕਸਾਂ ਦੀ ਨਿਗਰਾਨੀ ਕਰਨ ਵਿੱਚ ਵੀ ਮਦਦ ਕਰਨਗੇ। ਪੁਲੀਸ ਅਤੇ ਨਗਰ ਨਿਗਮ ਦੇ ਵਾਹਨਾਂ ’ਤੇ 30 ਵਾਹਨ ਮਾਊਂਟਡ ਕੈਮਰਾ ਸਿਸਟਮ ਵੀ ਲਗਾਏ ਜਾ ਰਹੇ ਹਨ, ਜੋ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਹਟਾਉਣ, ਮੁਜ਼ਾਹੇ, ਜਨਤਕ ਇਕੱਠ, ਕਾਰਜਾਂ ਦੌਰਾਨ ਲਾਈਵ ਵੀਡੀਓਗ੍ਰਾਫੀ ਰਾਹੀਂ ਨਿਗਰਾਨੀ ਰੱਖਣ ਵਿੱਚ ਮਦਦ ਕਰਨਗੇ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਰਾਕੇਸ਼ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲੀਸ ਕਮਿਸ਼ਨਰ ਡਾ. ਕੌਸਤਬ ਸ਼ਰਮਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਆਦਿ ਮੌਜੂਦ ਸਨ।
ਨਾਜਾਇਜ਼ ਇਮਾਰਤਾਂ ਦੀ ਜਾਂਚ ਲਈ ਮੁੜ ਖੁੱਲੇਗੀ ਫਾਈਲ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਨਗਰ ਨਿਗਮ ਦੇ ਆਈਏਐੱਸ ਅਧਿਕਾਰੀ ਵੱਲੋਂ ਜੋ ਸ਼ਹਿਰ ਵਿੱਚ ਨਾਜਾਇਜ਼ ਬਿਲਡਿੰਗਾਂ ਵਾਲੇ ਮਾਮਲੇ ਦੀ ਜਾਂਚ ਕੀਤੀ ਗਈ, ਉਸਦੀ ਫਾਈਲ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਜਾਂਚ ਵਿੱਚ ਜੋ ਵੀ ਅਧਿਕਾਰੀ ਤੇ ਮੁਲਾਜ਼ਮ ਨਾਜਾਇਜ਼ ਬਿਲਡਿੰਗ ਬਣਵਾਉਣ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਵਾਰਡਬੰਦੀ ਦਾ ਕੰਮ ਚੱਲ ਰਿਹਾ ਹੈ ਤੇ ਸ਼ਹਿਰ ਵਿੱਚ ਜਲਦ ਹੀ ਵਾਰਡਬੰਦੀ ਦੇ ਕੰਮ ਨੂੰ ਪੂਰਾ ਕਰ ਲਿਆ ਜਾਏਗਾ। ਉਨ੍ਹਾਂ ਦੱਸਿਆ ਕਿ ਇਸਦੇ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।